ਗੁਰਨਾਮ ਸਿੱਧੂ
ਫ਼ਿਰੋਜ਼ਪੁਰ 19 ਨਵੰਬਰ 2019: ਅਜੋਕੇ ਦੌਰ ਵਿਚ ਜਦੋਂ ਲੋਕ ਧੀਆਂ ਜੰਮਣ ਤੋਂ ਡਰਦੇ ਹਨ, ਉੱਥੇ ਮਾਪਿਆਂ ਦੀਆਂ ਹੋਣਹਾਰ ਧੀਆਂ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾ ਕੇ ਜਿੱਥੇ ਆਪਣੇ ਮਾਂ ਪਿਉ ਦਾ ਨਾਮ ਰੌਸ਼ਨ ਕਰਨ ਦੇ ਨਾਲ-ਨਾਲ ਆਪਣੇ ਪਿੰਡ ਅਤੇ ਸਮਾਜ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਕੁਝ ਇਸੇ ਤਰ੍ਹਾਂ ਦੀ ਮਿਸਾਲ ਪੈਦਾ ਕੀਤੀ ਹੈ ਇੱਥੋਂ ਨੇੜਲੇ ਪਿੰਡ ਭਾਂਗਰ ਦੇ ਪ੍ਰੀਤਮ ਸਿੰਘ ਬਰਾੜ ਦੀ ਹੋਣਹਾਰ ਸਪੁੱਤਰੀ ਅਤੇ ਫ਼ਿਰੋਜ਼ਪੁਰ ਸ਼ਹਿਰ ਵਾਸੀ ਜਗਜੀਤ ਸਿੰਘ ਮਾਨ ਦੀ ਧਰਮ ਪਤਨੀ ਸ੍ਰੀਮਤੀ ਨਵਜੋਤ ਕੌਰ ਮਾਨ ਨੇ, ਜਿਸ ਨੇ ਆਪਣੀ ਕੰਪਿਊਟਰ ਅਧਿਆਪਕਾ ਦੀ 14 ਸਾਲਾਂ ਦੀ ਸੇਵਾ ਦੇ ਨਾਲ ਹੀ ਆਪਣੀਆਂ ਪੰਜ ਮਾਸਟਰ ਡਿਗਰੀਆਂ ਪੂਰੀਆਂ ਕੀਤੀਆਂ। ਹੁਣ ਇਸ ਕੰਪਿਊਟਰ ਅਧਿਆਪਕਾ ਨੇ ਹੋਰ ਅੱਗੇ ਵਧਦਿਆਂ ਦੇਸ਼ਾਂ ਦੇ ਅੰਤਰ ਰਾਸ਼ਟਰੀ ਸਬੰਧਾਂ ਦੇ ਵਿਸ਼ੇ ਵਿਚ ਪੀਐੱਚਡੀ ਦੀ ਡਿਗਰੀ ਵਿਸ਼ੇਸ਼ਤਾ ਸਹਿਤ ਪਾਸ ਕਰਕੇ ਆਪਣਾ ਨਾਮ ਖੋਜ ਕਰਤਾ ਅਧਿਆਪਕਾਂ ਵਿਚ ਸ਼ਾਮਲ ਕਰ ਲਿਆ ਹੈ। ਡਾਕਟਰ ਨਵਜੋਤ ਕੌਰ ਮਾਨ ਦੇ ਖੋਜ ਕਾਰਜ ਦੀਆਂ ਪ੍ਰਕਾਸ਼ਨਾਵਾਂ ਅਮਰੀਕਾ ਅਤੇ ਹੋਰ ਰਾਸ਼ਟਰੀ ਅੰਤਰ-ਰਾਸ਼ਟਰੀ ਜਰਨਲਜ ਵਿਚ ਪ੍ਰਕਾਸ਼ਿਤ ਹੋਈਆਂ ਹਨ। ਇਸ ਦੇ ਨਾਲ ਹੀ ਪਿਛਲੇ ਦਿਨੀਂ ਅੰਤਰ-ਰਾਸ਼ਟਰੀ ਸੰਸਥਾ ਆਈਬੀਏਈ 2019 ਅਧੀਨ ਜੀਆਈਐੱਸਆਰ ਫਾਊਂਡੇਸ਼ਨ ਅਤੇ ਅਮਰੀਕਨ ਸੰਸਥਾ ਦੁਬਈ (ਯੂਏਈ) ਵੱਲੋਂ ਅਕਾਦਮਿਕ ਭੂਮਿਕਾਵਾਂ ਲਈ ਸਾਲ 2019 ਦੇ ਸੰਸਾਰ ਭਰ ਵਿਚੋਂ 66 ਐਵਾਰਡ ਜੇਤੂਆਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਗਈ । ਇਨ੍ਹਾਂ ਐਵਾਰਡ ਜੇਤੂਆਂ ਵਿਚ ਡਾ. ਨਵਜੋਤ ਕੌਰ ਮਾਨ ਦਾ ਨਾਮ ਆਉਣ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸ਼ਕੂਰ ਅਤੇ ਸਰਕਾਰੀ ਮਿਡਲ ਸਕੂਲ ਭਾਂਗਰ ਦੇ ਅਧਿਆਪਕਾਂ ਵਿਦਿਆਰਥੀਆਂ ਅਤੇ ਦੋਵਾਂ ਪਿੰਡਾਂ ਦੇ ਵਸਨੀਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇੱਥੇ ਜ਼ਿਕਰਯੋਗ ਹੈ ਕਿ ਡਾ. ਨਵਜੋਤ ਕੌਰ ਮਾਨ ਨੇ ਆਪਣੀ ਸਰਕਾਰੀ ਨੌਕਰੀ ਦੇ ਨਾਲ ਨਾਲ ਆਪਣੀ ਪੜ੍ਹਾਈ ਅਤੇ ਖੋਜ ਕਾਰਜਾਂ ਨੂੰ ਜਾਰੀ ਰੱਖ ਰਹੀ ਹੈ। ਡਾ. ਮਾਨ ਨੂੰ ਇਹ ਐਵਾਰਡ ਸੰਸਾਰ ਭਰ ਵਿਚੋਂ ਦੁਬਈ ਵਿਖੇ ਪੁੱਜੇ ਸਿੱਖਿਆ ਸ਼ਾਸਤਰੀਆਂ ਅਤੇ ਅਕਾਦਮਿਕ ਪ੍ਰਾਪਤੀਆਂ ਕਰਨ ਵਾਲੇ ਐਵਾਰਡ ਜੇਤੂਆਂ ਦੀ ਹਾਜ਼ਰੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਕੂਰ ਅਤੇ ਫ਼ਿਰੋਜ਼ਪੁਰ ਦਾ ਨਾਮ ਪ੍ਰਸਤੁਤ ਕਰਕੇ ਪ੍ਰਦਾਨ ਕੀਤਾ ਗਿਆ। ਡਾ. ਨਵਜੋਤ ਕੌਰ ਮਾਨ ਨੂੰ ਇਹ ਐਵਾਰਡ ਮਿਲਣ ਤੇ ਪਿੰਡ ਸ਼ਕੂਰ ਦੀਆਂ ਵਿੱਦਿਅਕ ਸੰਸਥਾਵਾਂ ਅਧਿਆਪਕਾਂ, ਗਰਾਮ ਪੰਚਾਇਤ, ਸਮਾਜ ਸੇਵਾ ਸੰਸਥਾਵਾਂ ਦੇ ਆਗੂਆਂ, ਪਿੰਡ ਭਾਂਗਰ ਦੀ ਗਰਾਮ ਪੰਚਾਇਤ, ਸੰਤ ਐੱਸ ਪ੍ਰਤਾਪ ਸਿੰਘ ਯੂਥ ਕਲੱਬ, ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਦੇ ਆਗੂਆਂ ਅਤੇ ਸਮੂਹ ਨਗਰ ਨਿਵਾਸੀਆਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਕਤ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਪ੍ਰੀਤਮ ਸਿੰਘ ਬਰਾੜ ਦੀ ਹੋਣਹਾਰ ਸਪੁੱਤਰੀ ਕਾਰਨ ਪਿੰਡ ਭਾਂਗਰ ਦਾ ਨਾਮ ਸੰਸਾਰ ਪੱਧਰ ਤੇ ਰੌਸ਼ਨ ਹੋਇਆ ਹੈ।