ਲੋਕੇਸ਼ ਰਿਸ਼ੀ,
ਗੁਰਦਾਸਪੁਰ, 19 ਨਵੰਬਰ 2019- ਭੰਡ (ਮਰਾਸੀ) ਭਾਈਚਾਰਾ ਅਨਪੜ੍ਹ ਅਤੇ ਭੋਲਾ ਹੋਣ ਕਾਰਨ ਸ਼ੁਰੂ ਤੋਂ ਹੀ ਲੀਡਰਾਂ ਲਈ ਇੱਕ ਵੱਡਾ ਵੋਟ ਬੈਂਕ ਬਣਿਆ ਰਿਹਾ ਹੈ ਅਤੇ ਵੱਡੇ ਵੱਡੇ ਸਿਆਸਤਦਾਨ ਇਸ ਭਾਈਚਾਰੇ ਦੇ ਭੋਲੇ ਸੁਭਾ ਦਾ ਫ਼ਾਇਦਾ ਚੁੱਕਦਿਆਂ ਸ਼ੁਰੂ ਤੋਂ ਹੀ ਸੱਤਾਂ ਤੇ ਕਾਬਜ਼ ਹੁੰਦੇ ਰਹੇ ਹਨ। ਪਰ ਜਦੋਂ ਇਸ ਭਾਈਚਾਰੇ ਨੂੰ ਬਣਦੀਆਂ ਸਹੂਲਤਾਂ ਦੇਣ ਦੀ ਗੱਲ ਆਉਂਦੀ ਹੈ। ਤਾਂ ਇਸ ਭਾਈਚਾਰੇ ਨੂੰ ਸਿਵਾਏ ਝੂਠਿਆਂ ਧਰਵਾਸਿਆਂ ਤੋਂ ਕੁੱਝ ਨਹੀਂ ਦਿੱਤਾ ਜਾਂਦਾ। ਮੌਜੂਦਾ ਸਮੇਂ ਦੌਰਾਨ ਭੰਡ ਭਾਈਚਾਰਾ ਪੜ੍ਹ ਲਿਖ ਕੇ ਆਪਣੇ ਹੱਕਾਂ ਸਬੰਧੀ ਜਾਗਰੂਕ ਹੋ ਚੁੱਕਾ ਹੈ। ਇਸ ਲਈ ਪੂਰੇ ਭਾਈਚਾਰੇ ਨੇ ਆਪਣਾ ਨੁਮਾਇੰਦਾ ਖੜ੍ਹਾ ਕਰਨ ਅਤੇ ਸਾਰੀਆਂ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ।
ਉਪਰੋਕਤ ਸ਼ਬਦ ਗੁਰਦਾਸਪੁਰ ਵਿਖੇ ਭੰਡ ਭਾਈਚਾਰੇ ਦੇ ਨਵੇਂ ਚੁਣੇ ਗਏ ਪ੍ਰਧਾਨ ਕਸ਼ਮੀਰਾ ਅਤੇ ਮੈਂਬਰ ਬਾਘੀ ਨੇ ਉਸ ਵੇਲੇ ਕਹੇ ਜਦੋਂ ਇਸ ਭਾਈਚਾਰੇ ਦੇ ਲੋਕਾਂ ਵੱਲੋਂ ਇਸੇ ਮਸਲੇ ਸਬੰਧੀ ਵੱਡੀ ਇਕੱਤਰਤਾ ਕੀਤੀ ਗਈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿਖੇ ਭੰਡ ਭਾਈਚਾਰੇ ਦੀਆਂ ਲਗਭਗ 300 ਦੇ ਕਰੀਬ ਵੋਟਾਂ ਹਨ ਅਤੇ ਰਾਜਨੀਤਿਕ ਲੋਕ ਹਰ ਵਾਰ ਇਸ ਭਾਈਚਾਰੇ ਦੇ ਭੋਲੇ ਭਾਲੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਇਹਨਾਂ ਪਾਸੋਂ ਵੋਟਾਂ ਤਾਂ ਲੈ ਲੈਂਦੇ ਹਨ, ਪਰ ਬਾਦ ਵਿੱਚ ਇਨ੍ਹਾਂ ਵੱਲ ਵੇਖਦੇ ਤੱਕ ਨਹੀਂ। ਉਨ੍ਹਾਂ ਦੱਸਿਆ ਕਿ ਇੰਨੀ ਤਾਦਾਦ ਵਿੱਚ ਹੋਣ ਦੇ ਬਾਵਜੂਦ ਹੁਣ ਤੱਕ ਨਾਂ ਤਾਂ ਇਹਨਾਂ ਲੋਕਾਂ ਦੀਆਂ ਬੁਢਾਪਾ ਜਾਂ ਵਿਧਵਾ ਪੈਨਸ਼ਨਾਂ ਲੱਗ ਸਕੀਆਂ ਹਨ ਅਤੇ ਨਾ ਹੀ ਹੁਣ ਤੱਕ ਇਹਨਾਂ ਲੋਕਾਂ ਦੇ ਘਰਾਂ ਵਿੱਚ ਸਰਕਾਰ ਵੱਲੋਂ ਤਿਆਰ ਕਰਵਾਏ ਜਾਣ ਵਾਲੇ ਪਖਾਨੇ ਬਣਵਾਏ ਗਏ ਹਨ। ਇਹਨਾਂ ਦੀ ਵਸੋਂ ਵਾਲੇ ਇਲਾਕਿਆਂ 'ਚ ਸੀਵਰੇਜ ਨਾਮ ਦੀ ਕੋਈ ਚੀਜ਼ ਨਹੀਂ ਅਤੇ ਇਹ ਲੋਕ ਹੁਣ ਤੱਕ ਸਾਫ਼ ਪੀਣ ਵਾਲੇ ਪਾਣੀ ਆਦਿ ਜਿਹੀਆਂ ਮੂਲ ਸਹੂਲਤਾਂ ਤੋਂ ਸੱਖਣਾ ਜੀਵਨ ਜਿਊਣ ਲਈ ਮਜਬੂਰ ਹਨ। ਇੱਥੋਂ ਤੱਕ ਕਿ ਜਿਸ ਲੀਡਰ ਨੇ ਇਹਨਾਂ ਪਾਸੋਂ ਵੋਟਾਂ ਲੈ ਕੇ ਸੱਤਾ ਪ੍ਰਾਪਤ ਕੀਤੀ ਹੁੰਦੀ ਹੈ। ਉਹੀ ਲੀਡਰ ਕੰਮ ਪੈਣ ਤੇ ਇਸ ਭਾਈ ਚਾਰੇ ਦੇ ਲੋਕਾਂ ਦੀ ਗੱਲ ਤੱਕ ਨਹੀਂ ਸੁਣਦਾ।
ਪ੍ਰਧਾਨ ਕਸ਼ਮੀਰਾ ਨੇ ਕਿਹਾ ਕਿ ਇਸੇ ਸਮੱਸਿਆ ਨਾਲ ਨਜਿੱਠਣ ਲਈ ਭਾਈਚਾਰੇ ਦੇ ਲੋਕਾਂ ਨੇ ਮੈਨੂੰ ਆਪਣਾ ਪ੍ਰਧਾਨ ਚੁਣਦਿਆਂ ਫ਼ੈਸਲਾ ਕੀਤਾ ਹੈ ਕਿ ਆਉਂਦੇ ਸਮੇਂ ਦੌਰਾਨ ਭੰਡ ਭਾਈਚਾਰਾ ਆਪ ਚੋਣਾਂ ਲੜੇਗਾ ਅਤੇ ਜਿੱਤ ਪ੍ਰਾਪਤ ਕਰ ਕੇ ਆਪ ਆਪਣੇ ਲੋਕਾਂ ਦੀ ਹੱਕ ਪ੍ਰਾਪਤੀ ਦੇ ਰਾਹ ਨੂੰ ਪੱਧਰਾ ਕਰੇਗਾ।