ਪੰਥ ਦੇ ਪ੍ਰਸਿੱਧ ਰਾਗੀਆਂ ਅਤੇ ਕਥਾ ਵਾਚਕਾਂ ਨੇ ਗੁਰਬਾਣੀ ਤੇ ਧਰਮ ਫ਼ਲਸਫ਼ੇ 'ਤੇ ਪਾਈ ਸਾਂਝ
ਪੂਰੇ ਵਿਸ਼ਵ 'ਚ ਵੱਡੇ ਪੱਧਰ 'ਤੇ ਹੋਏ 550ਵੇਂ ਵੇ ਪੁਰਬ 'ਤੇ ਸਮਾਗਮ-ਬਲਬੀਰ ਸਿੱਧੂ
ਧਰਮ ਤੇ ਜੀਵਨ ਜਾਚ ਵਿਸ਼ੇ 'ਤੇ ਅਗਲੇ ਸਾਲ ਕਰਵਾਇਆ ਜਾਵੇਗਾ ਸੈਮੀਨਾਰ-ਚਰਨਜੀਤ ਵਾਲੀਆ
ਪੱਤਰ ਪ੍ਰੇਰਕ, ਮੋਹਾਲੀ
ਬਲੌਂਗੀ, ਮੋਹਾਲੀ 19 ਨਵੰਬਰ 2019 : ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਬਲੌਂਗੀ ਵਿਖੇ ਮੰਗਲਵਾਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਦੌਰਾਨ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀਆਂ ਅਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਨਾਲ਼ ਨਿਹਾਲ ਕੀਤਾ। ਪ੍ਰੋਗਰਾਮ ਸਵੇਰੇ 9 ਵਜੇ ਸ਼ੁਰੂ ਹੋਇਆ ਜਿਸ ਦੀ ਪੂਰੀ ਤਿਆਰੀ ਮਾਤਾ ਸਾਹਿਬ ਕੌਰ ਕਾਲਜ ਦੀਆਂ ਵਿਦਿਆਰਥਣਾਂ ਨੇ ਆਪ ਕੀਤੀ ।ਸਮਾਗਮ ਦੁਪਹਿਰ 3 ਵਜੇ ਤਕ ਚਲਦਾ ਰਿਹਾ ਜਿਸ ਵਿਚ ਧਾਰਮਿਕ ਅਤੇ ਰਾਜਨੀਤਿਕ ਜਗਤ ਦੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ ਅਤੇ ਕੀਰਤਨ ਅਤੇ ਕਥਾ ਵਿਚਾਰਾਂ ਸਰਵਣ ਕੀਤੀਆਂ।ਸਮਾਗਮ ਵਿਚ ਭਾਈ ਸਾਹਿਬ ਸਿੰਘ ਮਾਰਕੰਡਾ ਵਾਲ਼ਿਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਸ਼ਬਦ ਗੁਰੂ ਦੇ ਫ਼ਲਸਫ਼ੇ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ।ਉਨ੍ਹਾਂਂਂਂਂ ਕਿਹਾ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿਚ ਜਿੱਥੇ ਲੁਕਾਈ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਲੋਕਾਂ ਦਿੱਤਾ ਉੱਥੇ ਆਪ ਕਰਤਾਰ ਸਾਹਿਬ ਵਿਖੇ 18 ਸਾਲ ਖੇਤੀ ਕਰਕੇ ਪਹਿਲਾਂ ਆਪ ਆਪਣੇ ਦੂਜੇ ਉਪਦੇਸ਼ 'ਕਿਰਤ ਕਰੋ' ਦੀ ਵੱਡੀ ਉਦਾਹਰਨ ਸੰਗਤਾਂ ਅੱਗੇ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਧਰਮ ਅਤੇ ਵਿਰਸੇ ਨਾਲ ਜੁੜੇ ਸੈਮੀਨਾਰ ਕਰਵਾਏ ਜਾਣ ਜਿਸ ਨਾਲ਼ ਵਿਦਿਆਰਥੀਆਂ ਨੂੰ ਜੀਵਨ ਜਾਚ ਅਤੇ ਗੁਰਬਾਣੀ ਗਿਆਨ ਤੋਂ ਇਲਾਵਾ ਧਰਮ ਦੇ ਫ਼ਲਸਫ਼ੇ ਬਾਰੇ ਗਿਆਨ ਗਿਆਨ ਦਿੱਤਾ ਜਾਵੇ ਅਤੇ ਇਸ ਨਾਲ਼ ਸਬੰਧਿਤ ਸ਼ੰਕਾਵਾਂ ਦੂਰ ਹ' ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਧਰਮ ਅਤੇ ਵਿਰਸੇ ਨਾਲ ਸਬੰਧਿਤ ਗਿਅੵਾਨ ਦੀ ਜ਼ਰੂਰਤ ਹੋਵੇਗੀ ਵਿਚ ਪਹਿਲ ਦੇ ਆਧਾਰ ਤੇ ਹਾਜ਼ਰ ਹੋਣਗੇ। ਗਿਆਨੀ ਸਾਹਿਬ ਸਿੰਘ ਵੱਲੋਂ ਦਿੱਤੇ ਸੁਝਾਅ 'ਤੇ ਗ਼ੌਰ ਕਰਦਿਆਂ ਕਾਲਜ ਦੇ ਐੱਮ ਡੀ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਮਾਤਾ ਸਾਹਿਬ ਕੌਰ ਕਾਲਜ ਆਪਣੇ ਵਿਦਿਆਰਥੀਆਂ ਲਈ ਧਰਮ ਚਿੰਤਨ ਅਤੇ ਵਿਰਸਾ ਸੰਭਾਲ਼ ਪ੍ਰੋਗਰਾਮਾਂ ਤੋਂ ਇਲਾਵਾ ਗੁਰਬਾਣੀ ਫ਼ਲਸਫ਼ੇ ਨਾਲ ਸਬੰਧਿਤ ਸੈਮੀਨਾਰ ਦਾ ਆਯੋਜਨ ਕਰਵਾਏਗਾ ਜਿਸ ਵਿਚ ਸਿੱਖ ਪੰਥ ਦੇ ਉੱਘੇ ਚਿੰਤਕਾਂ ਨੂੰ ਬੁਲਾਇਆ ਜਾਵੇਗਾ। ਪ੍ਰੋਗਰਾਮ ਵਿਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ਼ ਜੋੜਿਆ ਅਤੇ ਪਹਿਲੀ ਪਾਤਸ਼ਾਹੀ ਦੀ ਬਾਣੀ ਵਿਚੋਂ ਸ਼ਬਦ ਗਾਇਣ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਤੋਂ ਇਲਾਵਾ ਭਾਈ ਰਜਿੰਦਰ ਸਿੰਘ ਜੀ ਮੋਹਣੀ ਅਤੇ ਭਾਈ ਲਖਵਿੰਦਰ ਸਿੰਘ ਅੰਮ੍ਰਿਤਸਰ ਸਾਹਿਬ ਵਾਲ਼ਿਆਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਸਮਾਗਮ ਦੌਰਾਨ ਪੰਜਾਬ ਦੇ ਤਿੰਨ ਕੈਬਨਿਟ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ ਅਤੇ ਬਲਬੀਰ ਸਿੰਘ ਸਿੱਧੂ ਤੋਂ ਇਲਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ,ਸ਼੍ਰੋਮਣੀ ਕਮੇਟੀ ਮੈਂਬਰ ਭਾਈ ਹਰਦੀਪ ਸਿੰਘ, ਹਰਵੇਲ ਸਿੰਘ ਸੈਣੀ ਅਤੇ ਜੰਗ ਬਹਾਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ ਅਤੇ ਕਾਲਜ ਸਮੂਹ ਸਟਾਫ਼ ਨੂੰ ਬਾਬੇ ਨਾਨਕ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਾਲ਼ੇ ਸੰਦੇਸ਼ 'ਪਵਣ ਗੁਰੂ ਪਾਣੀ ਪਿਤਾ" ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਹੀ ਨਹੀਂ ਪੂਰੇ ਵਿਸ਼ਵ ਵਿਚ ਅੱਜ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ਼ ਮਨਾਇਆ ਜਾ ਰਿਹਾ ਹੈ।ਸਿੱਖ ਧਰਮ ਦਾ ਪ੍ਰਭਾਵ ਵਿਦੇਸ਼ੀਆਂ ਵਿਚ ਵੀ ਦੇਖਿਆ ਜਾ ਸਕਦਾ ਹੈ ਜਿੱਥੇ ਅਮਰੀਕਾ ਅਤੇ ਕੈਨੇਡਾ ਦੇ ਲੋਕ ਨਾਮ ਬਾਣੀ ਨਾਲ ਜੁੜ ਰਹੇ ਹਨ।ਇਸ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਮਾਤਾ ਸਾਹਿਬ ਕੌਰ ਕਾਲਜ ਉਨ੍ਹਾਂ ਦਾ ਪੁਰਾਣ ਸਬੰਧ ਹੈ। ਸਾਨੂੰ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਨਰਸਿੰਗ ਕਿੱਤੇ ਨਾਲ਼ ਸਬੰਧਿਤ ਵਿਦਿਆਰਥੀ ਨੂੰ ਬਾਣੀ ਅਤੇ ਨਾਮ ਸਿਮਰਨ ਦਾ ਗਿਆਨ ਦਿੱਤਾ ਜਾ ਰਿਹਾ ਹੈ।ਪ੍ਰੋਗਰਾਮ ਦੇ ਅੰਤ ਵਿਚ ਮਾਤਾ ਸਾਹਿਬ ਕੌਰ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ,ਜਸਵਿੰਦਰ ਕੌਰ ਵਾਲੀਆ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਦ ਕਿ ਤੇਗਬੀਰ ਸਿੰਘ ਵਾਲੀਆ ਅਤੇ ਪੂਰੇ ਪਰਿਵਾਰ ਨੇ ਮੰਤਰੀ ਬਲਬੀਰ ਸਿੰਘ ਸਿੱਧੂ, ਤ੍ਰਿਪਤ ਰਜਿੰਦਰ ਬਾਜਵਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਭਾਈ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਵਿਦਿਆਰਥੀਆਂ ਨੂੰ ਬਾਣੀ ਅਤੇ ਜੀਵਨ ਜਾਚ ਤੋਂ ਇਲਾਵਾ ਸਵੈ ਚਿੰਤਨ ਕਰਨ ਦੀ ਪ੍ਰੇਰਨਾ ਦਿੱਤੀ।