ਟਰੱਸਟ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਖੇਪ ਜੀਵਨ 15 ਭਾਸ਼ਾਵਾਂ ’ਚ ਛਪਵਾ ਕੇ ਮੁਫਤ ਵੰਡਣ ਦੀ ਸੰਗਤਾਂ ਵਲੋਂ ਸ਼ਲਾਘਾ
ਸਮਾਜ ਸੇਵੀ ਕਾਰਜਾਂ ਦੇ ਨਾਲ ਧਾਰਮਿਕ ਕਾਰਜਾਂ ’ਚ ਵੀ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋਂ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ ਜਾਂਦਾ ਹੈ, ਜਿਸ ਦੇ ਤਹਿਤ ਹੀ ਉਕਤ ਟਰੱਸਟ ਵਲੋਂ 550 ਸੇਵਾਦਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ 1 ਤੋਂ 13 ਨਵੰਬਰ ਤੱਕ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅਹਿਮ ਸੇਵਾਵਾਂ ਨਿਭਾਈਆਂ, ਜਿੰਨ੍ਹਾਂ ਦੀ ਸਿੱਖ ਸੰਗਤਾਂ ਨੇ ਖੂਬ ਸਰਾਹਨਾ ਕੀਤੀ । ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਸੇਵਾਦਾਰਾਂ ਤੋਂ ਇਲਾਵਾ ਅਕਾਲ ਅਕੈਡਮੀਆਂ ਅਤੇ ਹੋਰਨਾਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸੁਲਤਾਨਪੁਰ ਲੋਧੀ ਵਿਖੇ ਭਾਈ ਮਰਦਾਨਾ ਜੀ ਦੀਵਾਨ ਹਾਲ, ਮੁੱਖ ਪੰਡਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁੱਖ ਪੰਡਾਲ ਪੰਜਾਬ ਸਰਕਾਰ ਅਤੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸ਼ਬਦ ਗਾਇਣ, ਢਾਡੀ ਵਾਰਾਂ ਅਤੇ ਪੁਰਾਤਨ ਤੰਤੀ ਸ਼ਾਜਾਂ ਰਾਂਹੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਕਲਗੀਧਰ ਟਰੱਸਟ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਖੇਪ ਜੀਵਨ ਵੱਖ-ਵੱਖ 15 ਭਾਸ਼ਾਵਾਂ ’ਚ ਛਪਵਾ ਕੇ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੂੰ ਮੁਫਤ ਹੀ ਨਹੀਂ ਵੰਡੀਆ ਗਿਆ ਸਗੋਂ ਟਰੱਸਟ ਵਲੋਂ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦੇਣ ਲਈ ਗਾਇਡ ਵੀ ਨਿਯੁਕਤ ਕੀਤੇ ਗਏ, ਜਿਸ ਦੀ ਸੰਗਤਾਂ ਵਲੋਂ ਖੂਬ ਸਰਾਹਨਾ ਕੀਤੀ ਗਈ । ਉਕਤ ਟਰੱਸਟ ਦੇ ਸੇਵਾਦਾਰਾਂ ਵਲੋਂ ਗੁਰਦੁਆਰਾ ਬੇਰ ਸਾਹਿਬ ਵਿਖੇ 1 ਤੋਂ 13 ਨਵੰਬਰ ਤੱਕ ਸਾਫ-ਸਫਾਈ, ਸੰਗਤਾਂ ਨੂੰ ਸ਼ੁੱਧ ਪਾਣੀ ਲਈ ਛਬੀਲਾਂ ਦੀ ਸੇਵਾ, ਲੰਗਰ ਦੀ ਸੇਵਾ, ਚਰਨ ਗੰਗਾ ਸਾਫ ਕਰਨ, ਸਿਵਲ ਸੇਵਾਵਾਂ (ਪਲੰਬਰ, ਇਲੈਕਟ੍ਰੀਕਲ, ਇੰਜੀਨੀਅਰਿੰਗ), ਗੁਰਪੁਰਬ ਨੂੰ ਸਮਰਪਿਤ ਕੱਢੇ 3 ਵਿਸ਼ਾਲ ਨਗਰ ਕੀਰਤਨ ਦੌਰਾਨ ਝਾੜੂ ਫੇਰਨ ਅਤੇ ਸੰਗਤਾਂ ਨੂੰ ਕੰਟਰੋਲ ਕਰਨ ਦੀ ਜਿੰਮੇਵਾਰੀ ਬਾਖੂਬੀ ਨਿਭਾਈ ਗਈ, ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਸ਼ੰਸ਼ਾ ਕੀਤੀ ਗਈ । ਸਮਾਗਮ ਦੇ ਅੰਤ ’ਚ ਉਕਤ ਟਰੱਸਟ ਦੇ ਸੇਵਾਦਾਰਾਂ ਅਤੇ ਵਿਦਿਆਰਥੀਆਂ ਵਲੋਂ ਨਿਭਾਈਆਂ ਅਹਿਮ ਸੇਵਾਵਾਂ ਲਈ ਸ਼੍ਰੋਮਣੀ ਪੰਥ ਰਤਨ ਅਤੇ ਟਰੱਸਟ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ, ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਸਮੇਤ ਹੋਰਨਾਂ ਸੇਵਾਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੈਨੇਜਰ ਭਾਈ ਸਤਨਾਮ ਸਿੰਘ ਰਿਆੜ ਤੇ ਮੁੱਖ ਗੰ੍ਰਥੀ ਭਾਈ ਸੁਰਜੀਤ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ ।