ਲੋਕੇਸ਼ ਰਿਸ਼ੀ
ਗੁਰਦਾਸਪੁਰ, 20 ਨਵੰਬਰ 2019- ਬਟਾਲਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਪੁਲਿਸ ਵੱਲੋਂ ਵੱਖ ਵੱਖ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 5 ਬਦਮਾਸ਼ਾਂ ਨੂੰ 8 ਪਿਸਤੌਲਾਂ, 2 ਰਾਈਫਲਾਂ, 185 ਜਿੰਦਾ ਕਾਰਤੂਸਾਂ, 260 ਗਰਾਮ ਹੈਰੋਈਨ, 2 ਕੰਪਿਊਟਰ ਕੰਡੇ ਅਤੇ 2 ਕਾਰਾਂ ਸਣੇ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਗਏ ਇਹਨਾਂ ਮੁਲਜ਼ਮਾਂ ਉੱਪਰ ਪਹਿਲਾਂ ਵੀ ਸੂਬੇ ਭਰ ਦੇ ਵੱਖ ਵੱਖ ਥਾਣਿਆਂ ਵਿਖੇ 45 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ । ਜਗੂ ਭਗਵਾਨ ਪੁਰੀਆ ਨਾਲ ਸਬੰਧਿਤ ਇਸ ਗੈਂਗ ਦਾ ਸਰਗਨਾ ਅਜੇ ਮਸੀਹ ਉਰਫ਼਼ ਅੱਜੂ ਦੱਸਿਆ ਜਾ ਰਿਹਾ ਹੈ ਜਿਸ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਜੇਕਰ ਪੁਲਿਸ ਦੀ ਮੰਨੀਏ ਤਾਂ ਇਹ ਗੈਂਗ ਪਿਛਲੇ ਕਰੀਬ 5-6 ਸਾਲਾਂ ਤੋਂ ਸਰਗਰਮ ਸੀ ਅਤੇ ਹੁਣ ਇਸ ਗੈਂਗ ਦੇ ਸਾਰੇ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿਆਂ ਆਈ.ਜੀ ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਬਟਾਲਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਪਹਿਚਾਣ ਅਜੇ ਮਸੀਹ ਉਰਫ਼ ਅੱਜੂ ਪੁੱਤਰ ਤਰਸੇਮ ਮਸੀਹ, ਵਾਸੀ ਰਈਆ ਡੁਬਗੜ੍ਹ, ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ ਅਤੇ ਇਸ ਪਾਸੋਂ 260 ਗਰਾਮ ਹੈਰੋਈਨ, ਇੱਕ ਦੇਸੀ ਪਿਸਤੌਲ ਅਤੇ 7 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਸੇ ਤਰਾਂ ਦੂਸਰੇ ਮੁਲਜ਼ਮ ਦੀ ਪਹਿਚਾਣ ਨਵਜੋਤ ਸਿੰਘ ਜੋਤਾ ਪੁੱਤਰ ਰਣਜੀਤ ਸਿੰਘ ਵਾਸੀ ਬੁੱਟਰ ਸਿਵਿਆਂ, ਥਾਣਾ ਮਹਿਤਾ, ਜ਼ਿਲ੍ਹਾ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ। ਤੀਸਰੇ ਮੁਲਜ਼ਮ ਦੀ ਪਹਿਚਾਣ ਗੁਰਵਿੰਦਰ ਸਿੰਘ ਬਾਬਾ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਚੰਨਣ ਕੇ, ਥਾਣਾ ਮਹਿਤਾ, ਜ਼ਿਲ੍ਹਾ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ। ਇਸੇ ਤਰਾਂ ਚੌਥੇ ਮੁਲਜ਼ਮ ਦੀ ਸ਼ਨਾਖ਼ਤ ਜੁਗਰਾਜ ਸਿੰਘ ਵਾਸੀ ਪਿੰਡ ਚੰਨਣ ਕੇ, ਥਾਣਾ ਮਹਿਤਾ, ਜ਼ਿਲ੍ਹਾ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ ਅਤੇ ਇਸੇ ਤਰਾਂ ਪੰਜਵੇਂ ਮੁਲਜ਼ਮ ਦੀ ਪਹਿਚਾਣ ਪ੍ਰਭਜੋਤ ਸਿੰਘ ਉਰਫ਼ ਲਵਲੀ ਪੁੱਤਰ ਇੰਦਰਜੀਤ ਸਿੰਘ ਵਾਸੀ ਅਲੀਵਾਲ ਰੋਡ ਬਟਾਲਾ ਦੇ ਰੂਪ ਵਿੱਚ ਹੋਈ ਹੈ।
ਆਈ.ਜੀ ਦਾ ਦਾਅਵਾ ਹੈ ਕਿ ਇਹਨਾਂ ਪੰਜਾਂ ਲੋਕਾਂ ਦੀ ਗ੍ਰਿਫ਼ਤਾਰੀ ਨਾਲ ਪੂਰਾ ਗੈਂਗ ਪੁਲਿਸ ਦੇ ਕਾਬੂ ਵਿੱਚ ਆ ਚੁੱਕਾ ਹੈ। ਫ਼ਿਲਹਾਲ ਫੜੇ ਗਏ ਮੁਲਜ਼ਮਾਂ ਕੋਲੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜਿਸ ਦੌਰਾਨ ਹੋਰ ਵੀ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।