- ਸਰੀਰਕ ਸਿੱਖਿਆਂ ਕਾਲਜਾਂ ਦੇ ਅਧਿਆਪਕਾਂ ਨੇ ਦਿੱਤੇ ਸੁਝਾਅ
ਪਟਿਆਲਾ, 20 ਨਵੰਬਰ 2019 - ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਵਿਖੇ ਅੱਜ ਪੰਜਾਬ ਦੇ ਸਰੀਰਕ ਸਿੱਖਿਆ ਕਾਲਜਾਂ ਦੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਲਜਾਂ ਦੇ ਪ੍ਰਿੰਸੀਪਲ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀਆਂ ਨੇ ਸ਼ਮੂਲੀਅਤ ਕਰਕੇ ਖੇਡ ਯੂਨੀਵਰਸਿਟੀ ਸਬੰਧੀ ਆਪਣੇ ਤਜਰਬੇ ਅਨੁਸਾਰ ਫੀਡਬੈਂਕ ਅਤੇ ਸੁਝਾਅ ਦਿੱਤੇ।
ਇਸ ਮੌਕੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਡਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਨੇ ਕਿਹਾ ਕਿ ਇਸ ਕਾਨਫਰੰਸ ਦਾ ਮੁੱਖ ਮਕਸਦ ਸਰੀਰਕ ਸਿੱਖਿਆ ਦੇ ਵਿਸ਼ੇ ਦੇ ਮਿਆਰ ਵਿਚ ਹੋਰ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਸਰੀਰਕ ਸਿੱਖਿਆ ਦੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਚਿੰਗ ਅਤੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਮਾਹਰਾਂ ਪਾਸੋਂ ਰਾਏ ਲਈ ਜਾ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਪੜਾਈ ਤੋਂ ਬਾਅਦ ਰੋਜ਼ਗਾਰ ਦੇ ਚੰਗੇ ਮੌਕੇ ਪ੍ਰਾਪਤ ਹੋ ਸਕਣ।
ਉਪ ਕੁਲਪਤੀ ਨੇ ਸਰੀਰਕ ਸਿੱਖਿਆ ਨਾਲ ਸਬੰਧਤ ਕਾਲਜਾਂ ਅਤੇ ਪ੍ਰੋਫੈਸਰਾਂ ਨੂੰ ਖੇਡ ਯੂਨੀਵਰਸਿਟੀ ਦੇ ਵਿਕਾਸ ਲਈ ਉਸਾਰੂ ਸੁਝਾਅ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਪੰਜਾਬ ਨੂੰ ਖੇਡਾਂ 'ਚ ਨੰਬਰ ਇਕ ਸੂਬਾ ਬਣਾਉਣ ਲਈ ਸਾਰਿਆਂ ਦਾ ਸਹਿਯੋਗ ਅਤੇ ਉਨ੍ਹਾਂ ਦੇ ਉਸਾਰੂ ਸੁਝਾਅ ਬਹੁਤ ਅਹਿਮੀਅਤ ਰਖਦੇ ਹਨ।