ਸ਼੍ਰੋਮਣੀ ਕਮੇਟੀ ਵਾਂਗ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਕਾਇਮ ਕਰੇਗਾ ਪੰਜਾਬ ਦਾ ਮਸੀਹੀ ਭਾਈਚਾਰਾ - ਬਾਈਬਲ ਦੀ ਬੇਅਦਬੀ ਤੇ ਸਖ਼ਤ ਰੋਸ
ਸੰਜੀਵ ਸੂਦ
- ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਦਾ ਗਠਨ ਜਲਦ ਹੋਵੇਗਾ - ਅਲਬਰਟ ਦੂਆ
ਲੁਧਿਆਣਾ, 20 ਨਵੰਬਰ 2019 -ਪੰਜਾਬ ਦੇ ਮਸੀਹੀ ਭਾਈਚਾਰੇ ਨੇ ਪਵਿੱਤਰ ਬਾਈਬਲ ਦੀ ਬੇਅਦਬੀ ਅਤੇ ਇਸਤੇ ਕੋਈ ਕਾਰਵਾਈ ਨਾ ਹੋਣ ਤੇ ਰੋਸ ਜ਼ਾਹਿਰ ਕਰਦਿਆਂ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ (ਐਸ.ਸੀ.ਪੀ.ਸੀ) ਦਾ ਗਠਨ ਕੀਤਾ ਜਾਵੇਗਾ .
ਅੱਜ ਸਥਾਨਕ ਸਰਕਟ ਹਾਊਸ ਲੁਧਿਆਣਾ ਵਿਖੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਆਏ ਮਸੀਹੀ ਵਰਗ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਵੱਲੋਂ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿਚ ਲਗਭਗ ਪੰਜਾਬ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਮਿਸ਼ਨਾਂ, ਮਸੀਹੀ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਤੇ ਕ੍ਰਿਸਚਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੂਆ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਸ਼ਰਾਰਤੀ ਅਨਸਰਾਂ ਉੱਪਰ ਨੱਥ ਪਾਉਣ ਲਈ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ (ਐਸ.ਸੀ.ਪੀ.ਸੀ) ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਦੇ ਗਠਨ ਨੂੰ ਲੈ ਕੇ ਸੂਬੇ ਭਰ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਜਲੰਧਰ 'ਚ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।
ਮੀਟਿੰਗ ਦਾ ਮੁੱਖ ਵਿਸ਼ਾ ਪਿਛਲੇ ਦਿਨੀਂ ਅੰਕੁਰ ਨਰੂਲਾ ਵੱਲੋਂ ਪਵਿੱਤਰ ਬਾਈਬਲ ਦਾ ਕੇਕ ਬਣਾ ਕੇ ਕੱਟਣ ਨਾਲ ਪਵਿੱਤਰ ਬਾਈਬਲ ਦੀ ਹੋਈ ਬੇਅਦਬੀ ਸੀ। ਨਰੂਲਾ ਦੀ ਇਸ ਹਰਕਤ ਨਾਲ ਮਸੀਹੀ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਮੀਟਿੰਗ ਵਿਚ ਸਾਰੇ ਮਸੀਹੀ ਧਾਰਮਿਕ ਆਗੂਆਂ ਨੇ ਇੱਕੋ ਸੁਰ ਵਿੱਚ ਕਿਹਾ ਕਿ ਪਵਿੱਤਰ ਬਾਈਬਲ ਦਾ ਕੇਕ ਬਣਾ ਕੱਟਣਾ ਸ਼ਰੇਆਮ ਪਵਿੱਤਰ ਬਾਈਬਲ ਦੀ ਬੇਅਦਬੀ ਹੈ। ਅੰਕੁਰ ਨਰੂਲਾ ਵੱਲੋਂ ਇਹ ਜੋ ਕਾਰਾ ਕੀਤਾ ਹੈ ਉਸਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜ੍ਹੀ ਹੈ, ਉਪਰੋਕਤ ਵਿਰੁੱਧ ਬੇਅਦਬੀ ਦੀ ਕਾਰਵਾਈ ਲਈ ਕਈ ਜ਼ਿਲ੍ਹਿਆਂ ਵਿਚ ਧਾਰਮਿਕ ਆਗੂਆਂ ਨਾਲ ਮਿਲ ਕੇ ਮਸੀਹੀ ਆਗੂਆਂ ਨੇ ਜ਼ਿਲ੍ਹਾ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ 295-ਏ ਦੀ ਕਾਰਵਾਈ ਦੀ ਮੰਗ ਕੀਤੀ ਸੀ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਮਹੀਨਾ ਬੀਤਣ ਤੇ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂਂ ਕੀਤੀ। ਕਾਰਵਾਈ ਨਾ ਹੋਣ ਦੇ ਨਤੀਜੇ ਵਜੋਂ ਖ਼ਾਂਬਰੇ ਡੇਰੇ ਦੇ ਕੁੱਝ ਸ਼ਰਾਰਤੀ ਸਮਰਥਕਾਂ ਵਜੋਂ ਸੋਸ਼ਲ ਮੀਡੀਆ ਤੇ ਭੜਕਾਊ ਬਿਆਨ ਦੇ ਕੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜਲੰਧਰ ਪੁਲਿਸ ਨੇ ਮਸੀਹੀ ਆਗੂਆਂ ਨੇ 20 ਅਕਤੂਬਰ ਨੂੰ ਡਿਪਟੀ ਪੁਲਿਸ ਕਮਿਸ਼ਨਰ ਦਫ਼ਤਰ ਬੁਲਾ ਕੇ ਭਰੋਸਾ ਦਿੱਤਾ ਸੀ ਕਿ ਬੇਅਦਬੀ ਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਸਾਨੂੰ ਦੋ ਚਾਰ ਦਿਨ ਦਾ ਸਮਾਂ ਦਿਓ ਕਿਉਂਕਿ 21 ਅਕਤੂਬਰ ਨੂੰ ਜ਼ਿਮਨੀ ਚੋਣ ਹੋ ਰਹੀ ਹੈ। ਅਸੀਂ ਕਿਉਂਕਿ ਅਮਨ ਪਸੰਦ ਲੋਕ ਆ ਤੇ ਸੰਵਿਧਾਨ ਵਿਚ ਵਿਸ਼ਵਾਸ ਰੱਖਦੇ ਹੋਏ ਪ੍ਰਸ਼ਾਸਨ ਦੀ ਗੱਲ ਮੰਨ ਕੇ 21 ਅਕਤੂਬਰ ਦੇ ਧਰਨੇ ਨੂੰ ਮੁਲਤਵੀ ਕਰ ਦਿੱਤਾ, ਪਰ ਬੜੇ ਦੁੱਖ ਦੀ ਗੱਲ ਹੈ ਕਿ ਪ੍ਰਸ਼ਾਸਨ ਆਪਣੀ ਗੱਲ ਤੋ ਇਹ ਬਹਾਨਾ ਬਣਾ ਕੇ ਪਿੱਛੇ ਹਟ ਰਿਹਾ ਹੈ ਕਿ ਡੀ.ਐਲ.ਏ ਨੇ ਕਿਹਾ ਹੈ ਕਿ ਇਹ ਬੇਅਦਬੀ ਦਾ ਮਾਮਲਾ ਨਹੀ ਬਣਦਾ, ਜਦ ਕਿ ਭਾਰਤ ਸਮੇਤ ਬੱਤੀ ਦੇਸ਼ਾਂ ਵਿੱਚ ਇਹ ਕਾਨੂੰਨ ਲਾਗੂ ਹੈ ਕਿ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਬੇਅਦਬੀ ਮੰਨਿਆ ਜਾਵੇਗਾ।
ਧਾਰਮਿਕ ਆਗੂਆਂ ਨੇ ਇਹ ਵੀ ਕਿਹਾ ਕਿ ਬਾਹਰਲੇ ਦੇਸ਼ਾਂ ਦੀਆਂ ਫ਼ੋਟੋਆਂ ਦਾ ਹਵਾਲਾ ਦੇ ਕੇ ਆਪਣੀ ਗ਼ਲਤੀ ਨੂੰ ਜਾਇਜ਼ ਦੱਸਣਾ ਸੰਵਿਧਾਨਕ ਤੌਰ ਤੇ ਉਚਿੱਤ ਨਹੀਂ ਹੈ ਕਿਉਂਕਿ ਸਾਡੇ ਦੇਸ਼ ਵਿੱਚ ਆਪਣਾ ਸੰਵਿਧਾਨ ਹੈ ਸੋ ਸਮੁੱਚੀ ਲੀਡਰਸ਼ਿਪ ਨੇ ਸਰਵਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਜੇਕਰ ਹਫ਼ਤੇ ਦੇ ਵਿਚ ਵਿਚ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ ਤਾਂ ਜਲੰਧਰ ਵਿਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਜਲੰਧਰ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਹਮੀਦ ਮਸੀਹ ਪ੍ਰਧਾਨ ਪੰਜਾਬ ਕ੍ਰਿਸਚੀਅਨ ਮੂਵਮੈਂਟ ਜਲੰਧਰ, ਲਾਰੰਸ ਚੌਧਰੀ ਨੈਸ਼ਨਲ ਕ੍ਰਿਸਚੀਅਨ ਫ਼ਰੰਟ, ਪੀਟਰ ਚੱਢਾ ਗੁਰਦਾਸਪੁਰ, ਆਰ.ਐਸ ਚੌਹਾਨ ਗੁਰਦਾਸਪੁਰ, ਪਾਸਟਰ ਜਨਕ ਇਬਰਾਹੀਮ, ਲੁਧਿਆਣਾ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਪ੍ਰਕਾਸ਼ ਪੀਟਰ, ਜੋਹਨ ਕੋਟਲੀ ਅੰਮ੍ਰਿਤਸਰ, ਯੁਵਕ ਭੱਟੀ ਫ਼ਿਰੋਜ਼ਪੁਰ ਪ੍ਰਧਾਨ ਸੈਮਸਨ ਬ੍ਰਿਗੇਡ, ਪਾਸਟਰ ਓਮ ਪ੍ਰਕਾਸ਼ ਪ੍ਰਧਾਨ ਪਾਸਟਰ ਐਸੋਸੀਏਸ਼ਨ ਫ਼ਿਰੋਜ਼ਪੁਰ, ਸਟੀਫਨ ਪ੍ਰਧਾਨ ਪਾਸਟਰ ਐਸੋਸੀਏਸ਼ਨ ਪਟਿਆਲਾ, ਪਾਸਟਰ ਅਨਿਲ ਰਾਏ ਪ੍ਰਧਾਨ ਮੋਹਾਲੀ ਪਾਸਟਰ ਐਸੋਸੀਏਸ਼ਨ, ਪਾਸਟਰ ਮੰਜੂ ਫਲਿੱਪ ਪ੍ਰਧਾਨ ਮੋਹਾਲੀ, ਰਾਜ ਸਿੱਧੂ ਜੋਹਨ ਮਸੀਹ ਸੈਕਟਰੀ, ਪਰਮਿੰਦਰ ਸਿੰਘ, ਸੁਖਦੇਵ ਸਿੰਘ, ਸੈਮਸਨ ਮੱਲ, ਨਿਕਲ ਛਾਬੜਾ ਅਤੇ ਹੋਰ ਮੌਜੂਦ ਸਨ।