ਬੱਸ ਕਾਮਿਆਂ ਦੀ ਯੂਨੀਅਨ ਦਾ ਨਵਾਂ ਐਕਸ਼ਨ
ਵੈਨਕੂਵਰ ਵਿਚ ਅਗਲੇ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬੰਦ ਰਹੇਗੀ ਬੱਸ ਸੇਵਾ
ਹਰਦਮ ਮਾਨ
ਸਰੀ, 21 ਨਵੰਬਰ,2019 : ਵੈਨਕੂਵਰ ਦੇ ਬੱਸ ਕਾਮਿਆਂ ਦੀ ਜਥੇਬੰਦੀ ਯੂਨੀਫੋਰ ਨੇ ਅੱਜ ਐਲਾਨ ਕੀਤਾ ਹੈ ਕਿ ਜੇਕਰ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੇ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬੱਸਾਂ ਦਾ ਜਾਮ ਕੀਤਾ ਜਾਵੇਗਾ। ਅੱਜ ਵੈਨਕੂਵਰ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਯੂਨੀਫੋਰ ਦੇ ਪੱਛਮੀ ਖੇਤਰੀ ਨਿਰਦੇਸ਼ਕ ਗੈਵਿਨ ਮੈਕਗੈਰਾਈਗਲ ਨੇ ਕਿਹਾ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਅਜਿਹੇ ਹਾਲਾਤ ਨਾ ਬਣਨ ਦਿੱਤੇ ਜਾਣ ਜਿਨ੍ਹਾਂ ਕਾਰਨ ਬੱਸ ਮੁਸਾਫਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ ਪਰ ਬੱਸ ਕੰਪਨੀ ਵੱਲੋਂ ਉਨ੍ਹਾਂ ਦੀਆਂ ਤਨਖਾਹਾਂ ਅਤੇ ਸਹੂਲਤਾਂ ਦੇ ਮਸਲੇ ਤੇ ਕੋਈ ਕਦਮ ਅੱਗੇ ਨਹੀਂ ਵਧਾਇਆ ਅਤੇ ਹੁਣ ਅਗਲੇ ਦਿਨਾਂ ਵਿਚ ਮੁਸਾਫਰਾਂ ਨੂੰ ਹੋਣ ਵਾਲੀਆਂ ਦੁਸ਼ਵਾਰੀਆਂ ਲਈ ਟਰਾਂਸਲਿੰਕ ਹੀ ਜ਼ਿੰਮੇਵਾਰ ਹੋਵੇਗੀ।
ਜ਼ਿਕਰਯੋਗ ਹੈ ਕਿ ਬੱਸ ਕਾਮਿਆਂ ਦਾ ਜੌਬ ਐਕਸ਼ਨ ਪਿਛਲੇ 20 ਦਿਨਾਂ ਤੋਂ ਚੱਲ ਰਿਹਾ ਹੈ। ਐਕਸ਼ਨ ਦੇ ਪਹਿਲੇ ਪੜਾਅ ਦੌਰਾਨ ਮਕੈਨੀਕਲ ਕਾਮਿਆਂ ਤੇ ਬੀ-ਬੱਸ ਡਰਾਈਵਰਾਂ ਨੇ ਓਵਰ ਕਰਨ ਤੋਂ ਇਨਕਾਰ ਕੀਤਾ ਤੇ ਬੱਸ ਡਰਾਈਵਰਾਂ ਨੇ ਵਰਦੀ ਪਹਿਨਣ ਤੋਂ ਨਾਂਹ ਕੀਤੀ। ਫਿਰ ਦੂਜੇ ਪੜਾਅ ਦੌਰਾਨ ਪਿਛਲੇ ਹਫਤੇ ਤੋਂ ਬੱਸ ਡਰਾਈਵਰਾਂ ਨੇ ਵੀ ਓਵਰ ਟਾਈਮ ਲਾਉਣਾ ਬੰਦ ਕੀਤਾ ਹੋਇਆ ਹੈ ਜਿਸ ਕਾਰਨ ਬੱਸ ਸੇਵਾ ਪ੍ਰਭਾਵਿਤ ਹੋ ਰਹੀ ਹੈ।
ਇਸੇ ਦੌਰਾਨ ਅੱਜ ਹੀ ਇੱਕ ਹੋਰ ਪ੍ਰੈਸ ਕਾਨਫਰੰਸ ਵਿੱਚ, ਟ੍ਰਾਂਸਲਿੰਕ ਦੇ ਬੁਲਾਰੇ ਬੇਨ ਮਰਫੀ ਨੇ ਕਿਹਾ ਕਿ ਯੂਨੀਫੋਰ ਵੱਲੋਂ ਅਚਾਨਕ ਐਲਾਨੇ ਇਸ ਐਕਸ਼ਨ ਕਾਰਨ ਬੇਹੱਦ ਨਿਰਾਸਾ ਹੋਈ ਹੈ। ਉਨ੍ਹਾਂ ਕਿਹਾ ਇਸ ਕਦਮ ਨਾਲ 350,000 ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਜੋ ਸਾਰਾ ਹਫ਼ਤਾ ਬੱਸ ਸੇਵਾ‘ ਤੇ ਹੀ ਨਿਰਭਰ ਹੁੰਦੇ ਹਨ।
ਮਰਫੀ ਨੇ ਕਿਹਾ ਕਿ ਸੀ.ਐੱਮ.ਬੀ.ਸੀ. ਨੇ ਯੂਨੀਅਨ ਦੀਆਂ ਬਿਹਤਰ ਕੰਮਕਾਜੀ ਹਾਲਤਾਂ ਦੀਆਂ ਮੰਗਾਂ ਅਤੇ ਟਰਾਂਜਿਟ ਆਪ੍ਰੇਟਰਾਂ ਦੇ ਗਰੰਟਿਡ ਆਰਾਮ ਟਾਈਮ ਦੀ ਮੰਗ ਮੰਨ ਲਈ ਹੈ ਅਤੇ ਬੀ.ਸੀ. ਵਿਚਲੀਆਂ ਜਨਤਕ ਖੇਤਰ ਦੀਆਂ ਇਕਾਈਆਂ ਤੋਂ ਵੱਧ ਤਨਖਾਹ ਦੀ ਪੇਸ਼ਕਸ਼ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਨੂੰ ਵਾਜਬ ਤਨਖਾਹ ਦੀਆਂ ਮੰਗਾਂ ਲਈ ਮੇਜ਼‘ ਤੇ ਵਾਪਸ ਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਅਨ ਦੀਆਂ ਮੰਗਾਂ ਅਤੇ ਮੌਜੂਦਾ ਪੇਸ਼ਕਸ਼ ਵਿਚ 150 ਮਿਲੀਅਨ ਡਾਲਰ ਦਾ ਪਾੜਾ ਹੈ।