← ਪਿਛੇ ਪਰਤੋ
ਹੱਕੀ ਮੰਗਾਂ ਨੂੰ ਲੈ ਕੇ ਬਰਫ਼ੀਲੀ ਰਾਤ 'ਚ ਵੀ ਡਟੇ ਰਹੇ ਗੰਨਾ ਕਾਸ਼ਤਕਾਰ ਲੋਕੇਸ਼ ਰਿਸ਼ੀ ਗੁਰਦਾਸਪੁਰ, 21 ਨਵੰਬਰ 2019- ਆਪਣੀਆਂ ਹੱਕੀ ਮੰਗਾਂ ਅਤੇ ਗੰਨੇ ਦੇ ਬਕਾਏ ਨੂੰ ਲੈ ਕੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਗੰਨਾ ਕਾਸ਼ਤਕਾਰਾਂ ਵੱਲੋਂ ਗੁਰਦਾਸਪੁਰ-ਬਟਾਲਾ-ਚੰਡੀਗੜ੍ਹ ਹਾਈਵੇ 'ਤੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਧਰਨਾ ਪ੍ਰਦਰਸ਼ਨ ਬੀਤੀ ਰਾਤ ਜਾਰੀ ਰਹਿਣ ਤੋਂ ਬਾਦ ਵੀਰਵਾਰ ਨੂੰ ਦੂਸਰੇ ਦਿਨ ਵੀ ਚੱਲ ਰਿਹਾ ਹੈ। ਖੰਡ ਮਿੱਲਾਂ ਤੋਂ ਆਪਣੇ ਗੰਨੇ ਦੀ ਫ਼ਸਲ ਦਾ ਬਕਾਇਆ ਪ੍ਰਾਪਤ ਕਰਨ ਦੀ ਮੰਗ ਨੂੰ ਲੈ ਕੇ 90 ਪਿੰਡਾਂ ਦੇ ਗੰਨਾ ਕਾਸ਼ਤਕਾਰ ਬੁੱਧਵਾਰ ਤੋਂ ਹੀ ਅਣਮਿਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰ ਕਹੇ ਹਨ। ਹਾਲਾਂ ਕਿ ਕਿਸਾਨਾਂ ਵੱਲੋਂ ਲਾਇਆ ਗਿਆ ਇਹ ਧਰਨਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਖੇਤਰ ਵਿੱਚ ਚੱਲ ਰਿਹਾ ਹੈ। ਇਸ ਲਈ ਉੱਥੋਂ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਧਰਨਾਕਾਰੀਆਂ ਕੋਲ ਪਹੁੰਚ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਗ਼ੁੱਸੇ ਨਾਲ ਭਰੇ ਧਰਨਾਕਾਰੀਆਂ ਨੇ ਵਿਧਾਇਕ ਲਾਡੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਵਿਧਾਇਕ ਨੂੰ ਉੱਥੋਂ ਬੇਰੰਗ ਹੀ ਪਰਤਣਾ ਪਿਆ। ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕੜਾਕੇ ਦੀ ਠੰਢ ਵਿੱਚ ਰੋਡ ਜਾਮ ਕਰ ਕੇ ਬੈਠੇ ਇਹ ਪ੍ਰਦਰਸ਼ਨ ਕਾਰੀ ਆਪਣੀਆਂ ਮੁੱਖ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਕਹਿ ਰਹੇ ਹਨ। ਕਿਸਾਨ ਆਗੂਆਂ ਮੁਤਾਬਿਕ ਗੁਰਦਾਸਪੁਰ ਦੀ ਕੀੜੀ ਸ਼ੂਗਰ ਮਿੱਲ ਵੱਲੋਂ ਗੰਨਾ ਕਿਸਾਨਾਂ ਨੂੰ ਦਿੱਤਾ ਜਾਣ ਵਾਲਾ 92 ਕਰੋੜ ਦਾ ਬਕਾਇਆ ਹੁਣ ਤੱਕ ਅਦਾ ਨਹੀਂ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਗੰਨੇ ਤੇ ਦਿੱਤੇ ਜਾਣ ਵਾਲੇ 25 ਰੁਪਏ ਪ੍ਰਤੀ ਕੁਇੰਟਲ ਦੀ ਬਕਾਇਆ ਰਾਸ਼ੀ ਵੀ ਹੁਣ ਤੱਕ ਅਦਾ ਨਹੀਂ ਕੀਤੀ ਗਈ, ਜੋ ਕਿ ਇਸ ਵੇਲੇ ਕਰੀਬ 11 ਕਰੋੜ ਰੁਪਏ ਦੇ ਕਰੀਬ ਪਹੁੰਚ ਚੁੱਕੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਇਸ ਮਗਰੋਂ ਵੀ ਮਿਲਾਂ ਕਿਸਾਨਾਂ ਦਾ ਬਕਾਇਆ ਨਹੀਂ ਮੋੜਦੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
Total Responses : 108