ਬਠਿੰਡਾ, 21 ਨਵੰਬਰ 2019: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਫਾਰਮਾਸਿਊਟੀਕਲ ਸਾਇੰਸਜ਼ ਐਂਡ ਟੈਕਨਾਲੋਜੀ ਵਿਭਾਗ ਦੇ ਤਿੰਨ ਰਿਸਰਚ ਸਕਾਲਰਜ਼ ਨੇਹਾ ਬਾਜਵਾ, ਪ੍ਰੀਤ ਅਮੋਲ ਸਿੰਘ ਅਤੇ ਸ਼ੁਭ ਨਮਨ ਨੇ ਹਾਲ ਹੀ ਵਿੱਚ ਦੋ ਵੱਖ-ਵੱਖ ਕੌਮੀ ਕਾਨਫਰੰਸਾਂ ਵਿੱਚ ਵਿਗਿਆਨਕ ਪੇਸ਼ਕਾਰੀਆਂ ਵਿੱਚ ਸਰਬੋਤਮ ਖੋਜ ਅਵਾਰਡ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ।
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ- ਸੀਨੀਅਰ ਰਿਸਰਚ ਫੈਲੋ (ਆਈ.ਸੀ.ਐਮ.ਆਰ.-ਐਸ.ਆਰ.ਐਫ.) ਰਿਸਰਚ ਸਕਾਲਰ, ਸ੍ਰੀਮਤੀ ਨੇਹਾ ਬਾਜਵਾ ਨੇ ਆਰਟੀਥਰ ਅਧਾਰਤ ਨੈਨੋ ਫਾਰਮੂਲੇਸ਼ਨ ਉੱਤੇ ਮਲੇਰੀਆ ਦੇ ਇਲਾਜ ਲਈ ਆਪਣਾ ਖੋਜ ਕਾਰਜ “ਇੰਡੀਅਨ ਫਾਰਮਾਸਿਊਟੀਕਲ ਇੰਡਸਟਰੀ ਦੇ ਰੈਗੂਲੇਟਰੀ ਮਾਮਲਿਆਂ ਅਤੇ ਬੌਧਿਕ ਜਾਇਦਾਦ ਅਧਿਕਾਰਾਂ” ਸਬੰਧੀ ਸੀ.ਜੀ.ਸੀ. ਲਾਂਡਰਾਂ, (ਮੋਹਾਲੀ) ਵਿਖੇ ਹੋਈ ਨੈਸ਼ਨਲ ਕਾਨਫਰੰਸ ਪੇਸ਼ ਕਰਕੇ ਪਹਿਲਾ ਇਨਾਮ ਜਿੱਤਿਆ ਹੈ।
ਇਸੇ ਤਰ੍ਹਾਂ, ਰਿਸਰਚ ਸਕਾਲਰ ਪ੍ਰੀਤ ਅਮੋਲ ਸਿੰਘ, ਜਿਹੜੇ ਕਿ ਐਫ.ਆਈ.ਟੀ.ਐਮ. (ਫੋਰਮ ਆਨ ਇੰਡੀਅਨ ਟ੍ਰੈਡੀਸ਼ਨਲ ਮੈਡੀਸਨ), ਆਯੂਸ਼ ਮੰਤਰਾਲਾ, ਭਾਰਤ ਸਰਕਾਰ ਦੇ ਫੈਲੋ ਹਨ, ਨੇ ਵੀ “ਪਾਣੀ ਅਤੇ ਮਿੱਟੀ ਸੰਭਾਲ, ਸਥਾਈ ਖੇਤੀਬਾੜੀ ਅਤੇ ਜੈਵ ਵਿਭਿੰਨਤਾ ਲਈ ਸਰੋਤ ਪ੍ਰਬੰਧਨ” ਬਾਰੇ ਕੌਮੀ ਸੰਮੇਲਨ ਵਿਚ ਆਪਣਾ ਖੋਜ ਕਾਰਜ਼ “ਖੇਤੀ-ਜਲਵਾਯੂ ਜ਼ੋਨਿੰਗ ਅਤੇ ਪੰਜਾਬ ਵਿਚ ਚਿਕਿਤਸਕ ਪੌਦਿਆਂ ਦੀ ਕਾਸ਼ਤ ਵਿਚ ਆ ਰਹੀਆਂ ਰੁਕਾਵਟਾਂ ਦਾ ਮੁਲਾਂਕਣ ਕਰਨ ” ਸਬੰਧੀ ਪੇਸ਼ ਕਰਨ ਲਈ ਸਰਬੋਤਮ ਖੋਜ ਪੁਰਸਕਾਰ ਪ੍ਰਾਪਤ ਕੀਤਾ। ਜਦੋਂ ਕਿ ਜੂਨੀਅਰ ਰਿਸਰਚ ਫੈਲੋ ਸੁਭ ਨਮਨ ਨੇ “ਮਸਾਲਿਆਂ ਦੀ ਪਛਾਣ ਅਤੇ ਪ੍ਰਮਾਣੀਕਰਣ ਲਈ ਇੰਟਰਐਕਟਿਵ ਮੋਬਾਈਲ ਐਪਲੀਕੇਸ਼ਨ” ਦੇ ਵਿਕਾਸ ਉੱਤੇ ਆਪਣਾ ਖੋਜ ਕਾਰਜ ਪੇਸ਼ ਕਰਦਿਆਂ ਪੁਰਸਕਾਰ ਜਿੱਤਿਆ ਹੈ।
ਇਸ ਕਾਨਫਰੰਸ ਦਾ ਆਯੋਜਨ ਪੰਜਾਬ ਦੇ ਖੇਤੀਬਾੜੀ ਵਿਭਾਗ ਵਲੋਂ ਐਸ.ਵੀ.ਜੀ.ਓ.ਆਈ., ਬਨੂੜ ਵਿਖੇ ਕੀਤਾ ਗਿਆ ਸੀ। ਕਾਨਫ਼ਰੰਸ ਵਿਚ ਪ੍ਰਸਿੱਧ ਵਿਗਿਆਨੀ ਡਾ. ਐਚ.ਪੀ. ਸਿੰਘ ਡਿਪਟੀ ਡਾਇਰੈਕਟਰ ਜਨਰਲ, ਬਾਗਬਾਨੀ ਵਿਭਾਗ, ਆਈ.ਸੀ.ਏ.ਆਰ., ਇਸਰੋ ਦੇ ਵਿਗਿਆਨੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਨ। ਇਸ ਮੌਕੇ ਖੇਤੀਬਾੜੀ ਵਿਭਾਗ, ਜੰਗਲਾਤ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਮਾਹਿਰ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਇੱਥੇ ਇਹ ਦੱਸਣਾ ਮਹੱਤਵਪੂਰਣ ਹੈ ਕਿ ਇਨਾਮ ਜੇਤੂ ਰਿਸਰਚ ਸਕਾਲਰਜ਼ ਪ੍ਰੋਫੈਸਰ ਆਸ਼ੀਸ਼ ਬਾਲਦੀ, ਜੋ ਕਿ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਫਾਰਮਾਸਿਊਟੀਕਲ ਸਾਇੰਸਜ਼ ਐਂਡ ਟੈਕਨਾਲੋਜੀ ਵਿਭਾਗ ਦੇ ਮੁਖੀ ਹਨ, ਦੀ ਦੇਖ-ਰੇਖ ਅਤੇ ਮਾਰਗ ਦਰਸ਼ਨ ਅਧੀਨ ਇਸ ਸਮੇਂ ਤਕਰੀਬਨ ਪੰਜ ਖੋਜ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਦਾ ਬਜਟ 1 ਕਰੋੜ ਰੁਪਏ ਤੋਂ ਉੱਪਰ ਹੈ। ਇਹ ਪ੍ਰੋਜੈਕਟ ਵੱਖ-ਵੱਖ ਕੇਂਦਰੀ ਏਜੰਸੀਆਂ ਜਿਵੇਂ ਕਿ ਸਰਬ-ਡੀ.ਐਸ.ਟੀ. (ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ- ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ), ਆਈ.ਸੀ.ਐੱਸ.ਆਰ.ਆਰ. (ਭਾਰਤੀ ਸਮਾਜਿਕ ਵਿਗਿਆਨ ਖੋਜ ਪ੍ਰੀਸ਼ਦ), ਐਨ.ਐੱਮ.ਪੀ.ਬੀ. (ਰਾਸ਼ਟਰੀ ਮੈਡੀਸਨਲ ਪਲਾਂਟ ਬੋਰਡ), ਆਈ.ਸੀ.ਐੱਮ.ਆਰ ਅਤੇ ਆਯੂਸ਼ ਮੰਤਰਾਲੇ ਦੁਆਰਾ ਫੰਡ ਕੀਤੇ ਜਾ ਰਹੇ ਹਨ।
ਪ੍ਰੋਫੈਸਰ ਬਾਲਦੀ ਦੀ ਨਿਗਰਾਨੀ ਹੇਠ ਨਵੀਨਤਮ ਖੋਜਾਂ ਤੇ ਨਵੇਂ ਫਾਰਮੂਲੇਆਂ ਦੇ ਵਿਕਾਸ, ਪੰਜਾਬ ਦੇ ਮਾਲਵਾ ਖੇਤਰ ਵਿਚ ਛਾਤੀ ਦੇ ਕੈਂਸਰ ਦੇ ਮੁਲਾਂਕਣ, ਨਕਲੀ ਬੁੱਧੀ ਅਤੇ ਖੇਤੀਬਾੜੀ-ਜਲਵਾਯੂ ਜ਼ੋਨਿੰਗ ਦੁਆਰਾ ਸੰਭਾਵਿਤ ਚਿਕਿਤਸਕ ਅਤੇ ਖੁਸ਼ਬੂਦਾਰ ਪੌਦਿਆਂ ਦਾ ਕੁਆਲਟੀ ਮੁਲਾਂਕਣ ਅਤੇ ਚਿਕਿਤਸਕ ਪੌਦਿਆਂ ਦੇ ਚੰਗੇ ਖੇਤੀਬਾੜੀ ਅਭਿਆਸਾਂ ਦੀ ਸੰਭਾਵਨਾ ਅਧਿਐਨ 'ਤੇ ਕੰਮ ਕਰ ਰਹੀਆਂ ਹਨ।
ਫਾਰਮਾਸਿਊਟੀਕਲ ਸਾਇੰਸਜ਼ ਅਤੇ ਟੈਕਨੋਲੋਜੀ ਵਿਭਾਗ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਫਾਰਮਾਸਿਊਟੀਕਲ ਸਾਇੰਸ ਦੇ ਖੇਤਰ ਵਿੱਚ ਉੱਨਤ ਖੋਜ ਪ੍ਰਦਾਨ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਮੌਜੂਦਗੀ ਦਰਸ਼ਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਆਪਣੇ ਖੋਜ ਵਿਦਵਾਨਾਂ ਦੀ ਪ੍ਰਾਪਤੀ 'ਤੇ ਪ੍ਰੋ. ਆਸ਼ੀਸ਼ ਬਾਲਦੀ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਫਾਰਮਾਸਿਊਟੀਕਲ ਸਾਇੰਸਜ਼ ਅਤੇ ਟੈਕਨਾਲੋਜੀ ਵਿਭਾਗ ਖੋਜ ਦੇ ਖੇਤਰ ਵਿਚ ਅਗਵਾਈ ਕਰਨ ਅਤੇ ਫਾਰਮਾਸਿਊਟੀਕਲ ਖੋਜ ਨੂੰ ਦਰਪੇਸ਼ ਚੁਣੌਤੀਆਂ ਨੂੰ ਸਵੀਕਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ।
ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਮੋਹਨ ਪਾਲ ਸਿੰਘ ਈਸ਼ਰ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗਦਰਸ਼ਕਾਂ ਨੂੰ ਵਿਸ਼ੇਸ਼ ਵਿਚਾਰ ਵਟਾਂਦਰਾ ਪ੍ਰੋਗਰਾਮ ਦੌਰਾਨ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਫਾਰਮਾਸਿਊਟੀਕਲ ਸਾਇੰਸਜ਼ ਦੇ ਤਾਜ਼ਾ ਰੁਝਾਨਾਂ ਬਾਰੇ ਜਾਣਨ ਲਈ ਕਾਨਫਰੰਸਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।