ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੌਰਾਨ 13 ਸ਼ਿਕਾਇਤਾਂ ਦੀ ਕੀਤੀ ਸੁਣਵਾਈ
ਨਵਾਂ ਸ਼ਹਿਰ, 21 ਨਵੰਬਰ, 2019: ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸ਼੍ਰੀ ਸੁੰਦਰ ਸ਼ਾਮ ਅਰੋੜਾ, ਉਦਯੋਗ ਮੰਤਰੀ ਪੰਜਾਬ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਫਗਵਾੜਾ-ਰੂਪਨਗਰ ਹਾਈਵੇਅ ਦੇ ਨਿਰਮਾਣ ਨਾਲ ਸਬੰਧਤ ਜ਼ਿਲ੍ਹੇ ਦੀਆਂ ਸਮੂਹ ਮੁਸ਼ਕਿਲਾਂ ਦੇ ਹੱਲ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਅਤੇ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਸਕੱਤਰ ਦੀ ਮੌਜੂਦਗੀ ਵਾਲੀ ਮੀਟਿੰਗ ਚੰਡੀਗੜ੍ਹ ਉਨ੍ਹਾਂ ਦੇ ਦਫ਼ਤਰ ਵਿੱਚ ਬੁਲਾਈ ਜਾਵੇ।
ਕਮੇਟੀ ਦੀ ਮੀਟਿੰਗ ਦੌਰਾਨ ਜ਼ਿਆਦਾਤਰ ਸ਼ਿਕਾਇਤਾਂ ਨੈਸ਼ਨਲ ਹਾਈਵੇਅ ਨਾਲ ਸਬੰਧਤ ਹੋਣ ਕਾਰਨ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਅਰੋੜਾ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਦੋਵਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਤੋਂ ਬਿਨ੍ਹਾਂ ਨਹੀਂ ਹੋ ਸਕਦਾ, ਇਸ ਲਈ ਜ਼ਿਲ੍ਹੇ ਦੇ ਐਮ.ਐਲ.ਏ., ਪ੍ਰਸ਼ਾਸਨਿਕ ਅਧਿਕਾਰੀ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਉਣ ਦਾ ਪ੍ਰਬੰਧ ਕਰਨ।
ਇਸ ਤੋਂ ਪਹਿਲਾਂ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੌਰਾਨ ਸ਼੍ਰੀ ਅਰੋੜਾ ਵਲੋਂ 13 ਸ਼ਿਕਾਇਤਾਂ ਦੀ ਸੁਣਵਾਈ ਕੀਤੀ ਗਈ, ਜਿਨ੍ਹਾਂ ਵਿਚੋਂ ਕਾਫ਼ੀ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਇਨ੍ਹਾਂ ਵਿੱਚ ਨਵਾਂਸ਼ਹਿਰ ਬਾਈਪਾਸ ਦੀ ਰੁਕੀ ਅਦਾਇਗੀ ਦਾ ਬਕਾਇਆ ਇੱਕ ਮਹੀਨੇ ਵਿੱਚ ਵੰਡਣ ਦਾ ਐਸ.ਡੀ.ਐਮ. ਨਵਾਂਸ਼ਹਿਰ ਜਗਦੀਸ਼ ਸਿੰਘ ਜੋਹਲ ਵਲੋਂ ਭਰੋਸਾ ਦਿੱਤਾ ਗਿਆ। ਰੇਲਵੇ ਵਲੋਂ ਨਵਾਂਸ਼ਹਿਰ-ਫਗਵਾੜਾ ਰੂਟ ’ਤੇ ਪੈਂਦੀ ਕਰੋਸਿੰਗ ’ਤੇ ਬਣਾਏ ਜਾ ਰਹੇ ਅੰਡਰ ਬਰਿੱਜਾਂ ’ਚ ਪਾਣੀ ਖੜ੍ਹਨ ਦੀਆਂ ਸਮੱਸਿਆਵਾਂ ਦਾ ਹੁਣ ਤੋਂ ਹੀ ਹੱਲ ਕੀਤਾ ਜਾਵੇਗਾ। ਗੜ੍ਹਸ਼ੰਕਰ ਰੋਡ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਸਮੱਸਿਆ ਬਣਦੇ ਵਿਸ਼ਾਲ ਮੈਗਾ ਮਾਰਟ ਦੀ ਮੁਸ਼ਕਿਲ ਨੂੰ ਨਿਪਟਾਉਣਾ, ਮੁਕੰਦਪੁਰ ’ਚ ਪੰਚਾਇਤੀ ਦੁਕਾਨਾਂ ’ਤੇ ਕਬਜ਼ੇ ਨੂੰ ਹਟਾਉਣ ਲਈ ਕੇਸ ਦਾਇਰ ਕਰਨਾ ਅਤੇ ਮੁਕੰਦਪੁਰ ਤੋਂ ਫਗਵਾੜਾ ਰੋਡ ਦੀ ਮੁਰੰਮਤ ਕਰਨਾ, ਸ਼ਾਮਿਲ ਹਨ।
ਇਸ ਤੋ ਇਲਾਵਾ ਆਸਰੋ ਤੋਂ ਬਲਾਚੌਰ ਸੜ੍ਹਕ ’ਤੇ ਪੈਂਦੇ ਪਿੰਡਾਂ ਦੇ ਪਾਣੀ ਦੀ ਨਿਕਾਸੀ ’ਚ ਨੈਸ਼ਨਲ ਹਾਈਵੇਅ ਕਾਰਨ ਆਈ ਮੁਸ਼ਕਿਲ ਇਸੇ ਹੀ ਰੋਡ ’ਤੇ ਲਗਦੇ ਪਿੰਡਾਂ ਨੂੰ ਨੈਸ਼ਨਲ ਹਾਈਵੇਅ ਤੋ ਲਿੰਕ ਕਰਨ, ਖਟਕੜ ਕਲਾਂ ਮਿਊਜ਼ੀਅਮ ਦੇ ਅੱਗੇ ਸਰਵਿਸ ਲਾਇਨ ਮੁਕੰਮਲ ਕਰਨ ਆਦਿ ਮੁੱਦਿਆਂ ’ਤੇ ਨੈਸ਼ਨਲ ਹਾਈਵੇਅ ਦੇ ਉੱਚ ਅਧਿਕਾਰੀਆਂ ਨੂੰ ਬੁਲਾਉਣ ਦਾ ਫ਼ੈਸਲਾ ਲਿਆ ਗਿਆ।
ਬੰਗਾ ’ਚ ਅਨਾਜ ਮੰਡੀ ਦੀ ਹਦੂਦ ਅੰਦਰ ਸੜ੍ਹਕ ਪੱਕੀ ਕਰਨ ਸਬੰਧੀ ਸ਼ਿਕਾਇਤ ’ਤੇ ਮੰਡੀ ਬੋਰਡ ਵਲੋਂ ਅਗਲੇ ਦਿਨਾਂ ਵਿੱਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਬਲਾਚੌਰ ਦੇ ਕੰਡੀ ਇਲਾਕੇ ’ਚ ਕੰਡਿਆਲੀ ਤਾਰਾਂ ਦੀ ਮੰਗ ’ਤੇ ਉਦਯੋਗ ਮੰਤਰੀ ਵਲੋਂ ਤੁਰੰਤ ਆਰਜ਼ੀ ਪ੍ਰਬੰਧ ਕਰਨ ਅਤੇ ਵਣ ਵਿਭਾਗ ਕੋਲ ਕੰਡਿਆਲੀ ਤਾਰਾਂ ਦੇ ਲੰਬਿਤ ਮਾਮਲਿਆਂ ਦੀ ਜਾਣਕਾਰੀ ਮੰਗੀ ਗਈ।
ਵਣਜ ਤੇ ਉਦਯੋਗ ਮੰਤਰੀ ਵਲੋਂ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਸ਼ਿਕਾਇਤਾਂ ਕਮੇਟੀ ਵਿੱਚ ਲਿਆਉਣ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਲੈ ਕੇ ਜਾਣ ਅਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨ। ਸ਼ਿਕਾਇਤ ਨਿਵਾਰਨ ਕਮੇਟੀ ਵਿੱਚ ਕੇਵਲ ਉਨ੍ਹਾਂ ਮਸਲਿਆਂ ਨੂੰ ਲਿਆਈਆਂ ਜਾਵੇ ਜਿਨ੍ਹਾਂ ’ਤੇ ਕਾਰਵਾਈ ਪੰਜਾਬ ਸਰਕਾਰ ਦੇ ਪੱਧਰ ’ਤੇ ਚੰਡੀਗੜ੍ਹ ਤੋਂ ਹੋਣੀ ਹੀ ਸੰਭਵ ਹੈ।
ਉਨ੍ਹਾਂ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਤਾਕੀਦ ਕੀਤੀ ਕਿ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਲਈ ਆਉਂਦੀਆਂ ਦਰਖਾਸਤਾਂ ਦੀ ਆਪਣੇ ਪੱਧਰ ’ਤੇ ਮੀਟਿੰਗ ਤੋਂ ਪਹਿਲਾਂ ਪੜਤਾਲ ਕਰ ਲਈ ਜਾਵੇ, ਤਾਂ ਜੋਂ ਸ਼ਿਕਾਇਤ ਕਰਤਾ ਨੂੰ ਇੱਕ ਮਹੀਨੇ ਤੱਕ ਹੋਣ ਵਾਲੀ ਮੀਟਿੰਗ ਦੀ ਉਡੀਕ ਨਾ ਕਰਨੀ ਪਵੇ।
ਮੀਟਿੰਗ ’ਚ ਸ਼ਾਮਿਲ ਹਲਕਾ ਬਲਾਚੌਰ ਦੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਆਸਰੋਂ ਪਿੰਡ ਨੂੰ ਸਵਰਾਜ ਮਾਜਦਾ ਰਾਹੀਂ ਅਪਣਾ ਕੇ ਸੀ.ਐਸ.ਆਰ. ਦੇ ਫੰਡਾਂ ਨਾਲ ਵਿਕਾਸ ਕਰਨ ਦੀ ਮੰਗ ਰੱਖੀ, ਜਿਸ ’ਤੇ ਉਦਯੋਗ ਮੰਤਰੀ ਨੇ ਆਪਣੀ ਵਿਭਾਗ ਰਾਹੀਂ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਮੀਟਿੰਗ ’ਚ ਆਈਆਂ ਸ਼ਿਕਾਇਤਾਂ ਅਤੇ ਹੋਰ ਮਾਮਲਿਆਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਉਦਯੋਗ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਸਮੁੱਚਿਆਂ ਦਰਖਾਸਤਾਂ ਦੀ ਪ੍ਰਸ਼ਾਸਨ ਵਲੋਂ ਆਪਣੇ ਪੱਧਰ ’ਤੇ ਪੁਣਛਾਣ ਕੀਤੀ ਜਾਵੇਗੀ ਅਤੇ ਜਿਹੜੀ ਵੀ ਸ਼ਿਕਾਇਤ ਜ਼ਿਲ੍ਹਾ ਪੱਧਰ ’ਤੇ ਹੱਲ ਹੋਣ ਯੋਗ ਹੋਈ, ਉਸ ਦਾ ਮੀਟਿੰਗ ਤੋਂ ਪਹਿਲਾਂ ਹੀ ਨਿਪਟਾਰਾ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ।
ਮੀਟਿੰਗ ’ਚ ਐਸ.ਐਸ.ਪੀ. ਅਲਕਾ ਮੀਨਾ, ਏ.ਡੀ.ਸੀ. ਅਦਿੱਤਿਆ ਉੱਪਲ ਤੇ ਸਰਬਜੀਤ ਸਿੰਘ ਵਾਲੀਆ, ਐਸ.ਡੀ.ਐਮ. ਜਸਵੀਰ ਸਿੰਘ ਬਲਾਚੌਰ, ਜਗਦੀਸ਼ ਸਿੰਘ ਜੌਹਲ ਨਵਾਂਸ਼ਹਿਰ ਅਤੇ ਗੌਤਮ ਜੈਨ ਬੰਗਾ, ਸਮੂਹ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਤੋਂ ਇਲਾਵਾ ਸੀਨੀਅਰ ਕਾਂਗਰਸ ਆਗੂ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਮੌਜੂਦ ਸਨ। ਸ਼ਿਕਾਇਤਾਂ ਰੱਖਣ ਵਾਲੇ ਗੈਰ ਸਰਕਾਰੀ ਮੈਂਬਰਾਂ ’ਚ ਕੇਵਲ ਸਿੰਘ ਖੜਕੜ, ਕੁਲਵਿੰਦਰ ਸਿੰਘ, ਰਾਮਲਾਲ ਤੇ ਸੁਰਜੀਤ ਕੁਮਾਰ ਦੇ ਨਾਮ ਜ਼ਿਕਰਯੋਗ ਹਨ।