ਬਾਬੂਸ਼ਾਹੀ ਬਿਊਰੋ
ਬਠਿੰਡਾ, 21 ਨਵੰਬਰ : ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਬਠਿੰਡਾ ਸ੍ਰੀ ਵਰਿੰਦਰ ਸਿੰਘ ਬਰਾੜ, ਰੇਂਜ ਬਠਿੰਡਾ ਨੇ ਦੱÎਸਿਆ ਕਿ ਡੀ.ਐਸ.ਪੀ ਰਾਜ ਕੁਮਾਰ ਵਿਜੀਲੈਂਸ ਬਿਉਰੋ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵਲੋਂ ਟਰੈਪ ਲਗਾ ਕੇ ਏ.ਐਸ.ਆਈ. ਤੇਜਿੰਦਰ ਕੁਮਾਰ (ਛਿੰਦਾ) ਸੰਮਨ ਸਟਾਫ਼ ਬਠਿੰਡਾ ਨੂੰ 5,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁਦੱਈ ਜਸਵਿੰਦਰ ਸਿੰਘ ਵਾਲੀਆ ਵਾਸੀ ਨਵੀਂ ਬਸਤੀ ਬਠਿੰਡਾ ਪਾਸੋਂ ਸ੍ਰੀਮਤੀ ਵਿਕਰਮ ਬਾਲਾ ਵਾਸੀ ਧੋਬੀਆਣਾ ਬਸਤੀ ਬਠਿੰਡਾ ਨੇ 2 ਲੱਖ ਰੁਪਏ ਆਪਣੀ ਘਰੇਲੂ ਜ਼ਰੂਰਤ ਲਈ ਉਧਾਰ ਲਏ ਸਨ। ਇਸ ਬਦਲੇ ਸ੍ਰੀਮਤੀ ਵਿਕਰਮ ਬਾਲਾ ਵੱਲੋਂ ਦਿੱਤਾ ਗਿਆ ਚੈੱਕ ਬਾਊਂਸ ਹੋ ਗਿਆ, ਜਿਸ ਕਰਕੇ ਮੁਦੱਈ ਵੱਲੋ ਸ਼੍ਰੀਮਤੀ ਰਾਜਵਿੰਦਰ ਕੌਰ ਜੇ.ਐਮ.ਆਈ.ਸੀ ਬਠਿੰਡਾ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ। ਸ੍ਰੀਮਤੀ ਵਿਕਰਮ ਬਾਲਾ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਸ ਦਾ ਗੈਰ ਜਮਾਨਤੀ ਅਰੈਸਟ ਵਾਰੰਟ ਮਿਤੀ 29 ਨਵੰਬਰ 2019 ਲਈ ਜਾਰੀ ਕੀਤਾ ਗਿਆ।
ਸ੍ਰੀਮਤੀ ਵਿਕਰਮ ਬਾਲਾ ਦੇ ਵਾਰੰਟ ਦੀ ਤਾਮੀਲ ਦੇ ਸਬੰਧ ਏ.ਐਸ.ਆਈ. ਤੇਜਿੰਦਰ ਕੁਮਾਰ (ਛਿੰਦਾ) ਦੀ ਡਿਊਟੀ ਲੱਗੀ ਹੋਣ ਕਾਰਨ ਸ੍ਰੀਮਤੀ ਵਿਕਰਮ ਬਾਲਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਨ ਬਦਲੇ ਰਿਸ਼ਵਤ 10,000 ਰੁਪਏ ਦੀ ਮੰਗ ਕੀਤੀ, ਜਿਸ 'ਤੇ ਮੁਦੱਈ ਨੇ ਏ.ਐਸ.ਆਈ. ਤੇਜਿੰਦਰ ਕੁਮਾਰ ਉਕਤ ਨੂੰ 3000 ਰੁਪਏ ਬਤੌਰ ਰਿਸ਼ਵਤ ਦੇ ਦਿੱਤੇ ਪਰੰਤੂ ਉਸ ਤੋ ਬਾਅਦ ਦੁਬਾਰਾ ਫਿਰ ਉਕਤ ਏ.ਐਸ.ਆਈ. ਨੇ ਮੁਦੱਈ ਤੋਂ ਵਿਕਰਮ ਬਾਲਾ ਨੂੰ ਗ੍ਰਿਫ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕਰਨ ਸਬੰਧੀ ਹੋਰ 5000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਇਸ ਬਾਰੇ ਡੀ.ਐਸ.ਪੀ ਰਾਜ ਕੁਮਾਰ ਵਿਜੀਲੈਂਸ ਬਿਉਰੋ ਯੂਨਿਟ ਸ੍ਰੀ ਮੁਕਤਸਰ ਸਾਹਿਬ ਪਾਸ ਆਪਣਾ ਬਿਆਨ ਦਰਜ ਕਰਵਾਇਆ ਜਿਸ ਦੇ ਆਧਾਰ 'ਤੇ ਡੀ.ਐਸ.ਪੀ ਰਾਜ ਕੁਮਾਰ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਟਰੈਪ ਲਗਾ ਕੇ ਏ.ਐਸ.ਆਈ ਤੇਜਿੰਦਰ ਕੁਮਾਰ ਉਰਫ ਛਿੰਦਾ ਨੂੰ ਸ਼ਿਕਾਇਤਕਰਤਾ ਪਾਸੋਂ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧ ਵਿੱਚ ਮੁਕੱਦਮਾ ਨੰ: 15 ਮਿਤੀ 21-11-2019 ਅ/ਧ 7 ਪੀ.ਸੀ.ਐਕਟ 1988 ਐਜ ਅਮੈਂਡਮੈਂਟ ਬਾਏ ਪੀ.ਸੀ. ਐਕਟ 2018 ਥਾਣਾ ਵਿਜੀਲੈਂਸ ਬਿਊਰੋ, ਰੇਂਜ ਬਠਿੰਡਾ ਦਰਜ ਰਜਿਸਟਰਡ ਕੀਤਾ ਗਿਆ।