ਮਿੱਤਰ ਸੈਨ ਸ਼ਰਮਾ
- ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਅੱਜ ਸੈਂਟਰਲ ਪਾਰਕ ਸ਼ਹਿਰ ਵਾਸੀਆਂ ਨੂੰ ਕਰਨਗੇ ਸਮਰਪਿਤ
ਮਾਨਸਾ 21 ਨਵੰਬਰ 2019 - ਨਗਰ ਕੌਂਸਲ ਮਾਨਸਾ ਵੱਲੋਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਰਹਿਨੁਮਾਈ ਹੇਠ ਸਥਾਨਕ ਵਾਟਰ ਵਰਕਸ ਵਿਖੇ ਤਿਆਰ ਕੀਤੇ ਗਏ ਸੈਂਟਰਲ ਪਾਰਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ 'ਤੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਗੁਰਪ੍ਰੀਤ ਸਿੰਘ ਕਾਂਗੜ 22 ਨਵੰਬਰ 2019, ਦਿਨ ਸ਼ੁੱਕਰਵਾਰ ਨੂੰ ਮਾਨਸਾ ਨਿਵਾਸੀਆਂ ਨੂੰ ਸਵੇਰੇ 10 ਵਜੇ ਸਮਰਪਿਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਦੱਸਿਆ ਕਿ ਹਰਿਆਵਲ ਭਰਪੂਰ ਇਸ ਪਾਰਕ ਨੂੰ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ, ਜਿਸ ਵਿਚ ਸੈਰ ਅਤੇ ਜਾਗਿੰਗ ਪਾਰਕ, ਸਾਇਕਲਿਗੰ ਟਰੈਕ, ਰੰਗਦਾਰ ਫੁਹਾਰੇ, ਬੱਚਿਆਂ ਖੇਡ ਜ਼ੋਨ, ਓਪਨ ਜਿੰਮ, ਯੋਗਾ ਹੱਟ, ਓਪਨ ਏਅਰ ਥੀਏਟਰ, ਸਵਿਮਿੰਗ ਪੂਲ, ਰੇਨ ਡਾਂਸ ਪੂਲ, ਬਾਸਕਿਟਬਾਲ ਕੋਰਟ, ਬੈਡਮਿੰਟਨ ਕੋਰਟ, ਸੰਗੀਤਕ ਰੌਸ਼ਨੀਆਂ, ਲੋਕਾਂ ਲਈ ਬੈਂਚ ਅਤੇ ਹੋਰ ਸਹੂਲਤਾਂ ਸ਼ਾਮਲ ਹਨ।
ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਮਾਨਸਾ ਵਿੱਚ ਹੋਈਆਂ ਪੰਜਾਬ ਪੱਧਰ ਲੜਕੀਆਂ ਦੀਆਂ ਖੇਡਾਂ ਦੌਰਾਨ ਇਸ ਪਾਰਕ ਵਿੱਚ ਤੈਰਾਕੀ ਮੁਕਾਬਲੇ ਵੀ ਕਰਵਾਏ ਗਏ ਸਨ। ਕਿਸੇ ਸਮੇਂ ਪਾਰਕ ਵਾਲੀ ਇਹ ਜ਼ਮੀਨ ਵਿਰਾਨ ਪਈ ਸੀ ਅਤੇ ਹੁਣ 'ਆਈ ਲਵ ਮਾਨਸਾ' ਸੈਂਟਰਲ ਪਾਰਕ ਦੇ ਨਾਮ ਨਾਲ ਜਾਣਿਆ ਜਾਣਾ ਵਾਲਾ ਇਹ ਪਾਰਕ ਸ਼ਹਿਰ ਦਾ ਸਭ ਤੋਂ ਆਧੁਨਿਕ ਪਾਰਕ ਹੋਵੇਗਾ।
ਸ਼੍ਰੀ ਗੋਰਾ ਨੇ ਸ਼ਹਿਰ ਵਾਸੀਆਂ ਨੂੰ ਇਸ ਮੌਕੇ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਪਾਰਕ ਦੇ ਨਿਰਮਾਣ ਨੂੰ ਲੈ ਕੇ ਮਾਨਸਾ ਸ਼ਹਿਰ ਦੇ ਸਿਰ ਕੱਢ ਕਾਂਗਰਸੀ ਆਗੂਆਂ ਵੱਲੋਂ ਵਾਰ-ਵਾਰ ਅੜਿੱਕਾ ਲਗਾਉਣ ਦੇ ਬਾਵਜ਼ੂਦ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਗੋਰਾ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਮਿਹਨਤ ਸਦਕਾ ਇਹ ਪਾਰਕ ਦਾ ਨਿਰਮਾਣ ਸਿਰੇ ਚੜ੍ਹਿਆ, ਜੋ ਅੱਜ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।