ਇੰਦਰਜੀਤ ਸਿੰਘ
ਫਾਜ਼ਿਲਕਾ, 21 ਨਵੰਬਰ 2019 - ਜ਼ਿਲ੍ਹਾ ਫਾਜਿਲਕਾ ਦੇ ਬੱਲੁਆਨਾ ਹਲਕੇ ਦੇ ਪਿੰਡ ਵਰਯਾਮ ਖੇੜਾ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਛਾਇਆ ਹੋਇਆ ਹੈ ਕਿਉਂਕਿ ਪਿੰਡ ਦੇ ਨਜਦੀਕ ਹੀ ਲੋਕ ਮਰੇ ਹੋਏ ਪਸ਼ੂਆਂ ਨੂੰ ਸੁੱਟ ਜਾਂਦੇ ਹਨ ਅਤੇ ਪਿੰਡ ਦੀ ਬਣੀ ਇਸ ਹੱਡਾ ਰੋੜੀ ਵਿੱਚ ਨਾ ਤਾਂ ਕੋਈ ਚੌਂਕੀਦਾਰ ਹੈ ਅਤੇ ਨਾ ਹੀ ਅਵਾਰਾ ਪਸ਼ੂਆਂ ਨੂੰ ਇੱਥੋਂ ਪ੍ਰਸ਼ਾਸਨ ਵਲੋਂ ਚੁੱਕਿਆ ਜਾਂਦਾ ਹੈ। ਜਿਸਦੇ ਕਾਰਨ ਪਿੰਡ ਦੇ ਛੱਪੜ ਦੇ ਨਾਲ ਲੱਗਦੀ ਪੰਚਾਇਤੀ ਜ਼ਮੀਨ ਵਿੱਚ ਮਰੇ ਹੋਏ ਪਸ਼ੂਆਂ ਦੀ ਭਰਮਾਰ ਹੋਈ ਪਈ ਹੈ ਅਤੇ ਅਵਾਰਾ ਕੁੱਤੇ ਉਨ੍ਹਾਂ ਨੂੰ ਨੋਚ-ਨੋਚ ਕੇ ਖਾ ਰਹੇ ਹਨ। ਜਿਸ ਦੇ ਕਾਰਨ ਇਹ ਕੁੱਤੇ ਖੂੰਖਾਰ ਹੁੰਦੇ ਜਾ ਰਹੇ ਹਨ ਅਤੇ ਕਰੀਬ 6 ਮਹੀਨੇ ਪਹਿਲਾਂ ਨਾਲ ਲੱਗਦੇ ਪਿੰਡ ਸ਼ੇਰਗੜ੍ਹ ਵਿੱਚ ਇੱਕ ਮਾਸੂਮ ਬੱਚਾ ਇਨ੍ਹਾਂ ਖੂੰਖਾਰ ਕੁੱਤਿਆਂ ਦਾ ਸ਼ਿਕਾਰ ਹੋ ਚੁੱਕਾ ਹੈ ਜਿਸਦੇ ਕਾਰਨ ਪਿੰਡ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਇਹ ਹੱਡਾ ਰੋੜੀ ਇੱਥੋਂ ਹਟਵਾਣ ਜਾਂ ਇਸਦੀ ਚਾਰਦਿਵਾਰੀ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਨਾਲ ਹੀ ਇਹ ਹੱਡਾ ਰੋੜੀ ਬਣੀ ਹੋਈ ਹੈ। ਇੱਥੇ ਲੋਕ ਮਰੇ ਹੋਏ ਪਸ਼ੂਆਂ ਨੂੰ ਸੁੱਟ ਜਾਂਦੇ ਹਨ ਅਤੇ ਪਿੰਡ ਦੇ ਛੱਪੜ ਵਿੱਚ ਵੀ ਕਾਫ਼ੀ ਮ੍ਰਿਤਕ ਪਸ਼ੂ ਪਏ ਹਨ। ਜਿਨ੍ਹਾਂ ਨੂੰ ਇਹ ਖੂੰਖਾਰ ਕੁੱਤੇ ਨੋਚ-ਨੋਚ ਕੇ ਖਾ ਰਹੇ ਹਨ ਅਤੇ ਆਉਣ ਜਾਣ ਵਾਲੇ ਬੱਚਿਆਂ ਨੂੰ ਇਨ੍ਹਾਂ ਤੋਂ ਕਾਫ਼ੀ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਇਸ ਹੱਡਾ ਰੋੜੀ ਨੂੰ ਪਿੰਡ ਦੇ ਇੱਥੋਂ ਹਟਾਇਆ ਜਾਵੇ ਜਾਂ ਫਿਰ ਇਸਦੀ ਚਾਰਦੀਵਾਰੀ ਕਰਕੇ ਪਸ਼ੂਆਂ ਨੂੰ ਜ਼ਮੀਨ ਵਿੱਚ ਦਬਾਇਆ ਜਾਏ ਤਾਂ ਕਿ ਇਨ੍ਹਾਂ ਨੂੰ ਨੋਚ ਰਹੇ ਅਵਾਰਾ ਕੁੱਤਿਆਂ ਦਾ ਕੋਈ ਬੱਚਾ ਸ਼ਿਕਾਰ ਨਾ ਹੋ ਜਾਏ।