ਝੋਨੇ ਦੀ ਖਰੀਦ ਪ੍ਰਕਿਰਿਆ 30 ਨਵੰਬਰ ਤੱਕ ਹੀ ਚੱਲੇਗੀ - ਡਿਪਟੀ ਕਮਿਸ਼ਨਰ
ਲੁਧਿਆਣਾ, 21 ਨਵੰਬਰ 2019 - ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਘਟਣ ਦੇ ਮੱਦੇਨਜ਼ਰ ਝੋਨੇ ਦੀ ਖਰੀਦ ਦੀ ਮਿਆਦ ਵਿੱਚ ਤਬਦੀਲੀ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁੁਮਾਰ ਅਗਰਵਾਲ ਨੇ ਦਿੱਤੀ।
ਇਸ ਸਬੰਧੀ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਸਾਉਣੀ ਮਾਰਕੀਟਿੰਗ ਸੀਜ਼ਨ 2019-20 ਦੌਰਾਨ ਝੋਨੇ ਦੀ ਖਰੀਦ ਸਮਾਂ 1 ਅਕਤੂਬਰ ਤੋਂ 15 ਦਸੰਬਰ, 2019 ਤੱਕ ਰੱਖਿਆ ਗਿਆ ਸੀ ਪਰ ਹੁਣ ਇਸ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਝੋਨੇ ਦੀ ਖਰੀਦ ਹੁਣ 30 ਨਵੰਬਰ ਤੱਕ ਹੋਵੇਗੀ।ਜਦਕਿ ਮਿਲਿੰਗ ਦੇ ਸਮੇਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਉਹਨਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੀਆਂ ਕੁੱਲ 103 ਮੰਡੀਆਂ ਵਿੱਚ ਝੋਨੇ ਦੀ ਜ਼ਿਆਦਾਤਰ ਆਮਦ ਹੋ ਚੁੱਕੀ ਹੈ ਅਤੇ 20 ਨਵੰਬਰ ਤੱਕ 1702950 ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। 72 ਘੰਟਿਆਂ ਦੇ ਚੁਕਾਈ ਨਿਯਮ ਅਨੁਸਾਰ, ਝੋਨੇ ਦੀ 100 ਫੀਸਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਵੱਲੋਂ ਆੜ੍ਹਤੀਆਂ/ਕਿਸਾਨਾਂ ਦੇ ਖਾਤਿਆਂ ਵਿੱਚ 3082.72 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਮੰਡੀਆਂ ਵਿੱਚੋਂ ਸਾਰੀ ਫ਼ਸਲ ਖਰੀਦਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ੍ਰੀ ਅਗਰਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ 30 ਨਵੰਬਰ ਤੱਕ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਹ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦਾ ਲਾਭ ਲੈ ਸਕਣ। ਉਨ੍ਹਾਂ ਆੜ੍ਹਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਨਾਲ ਜੁੜੇ ਕਿਸਾਨਾਂ ਨੂੰ ਖਰੀਦ ਸਮੇਂ ਵਿੱਚ ਹੋਈ ਸੋਧ ਬਾਰੇ ਜਾਣਕਾਰੀ ਦੇਣ।
ਜ਼ਿਕਰਯੋਗ ਹੈ ਕਿ 20 ਨਵੰਬਰ ਤੱਕ ਪਨਗ੍ਰੇਨ ਨੇ 882781 ਟਨ, ਮਾਰਕਫੈੱਡ ਨੇ 355372 ਟਨ ਅਤੇ ਪਨਸਪ ਨੇ 322923 ਟਨ ਝੋਨੇ ਦੀ ਖਰੀਦ ਕੀਤੀ, ਜਦਕਿ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 134567 ਟਨ ਅਤੇ ਐਫ.ਸੀ.ਆਈ. ਨੇ 2419 ਟਨ ਝੋਨੇ ਦੀ ਖਰੀਦ ਕੀਤੀ ਹੈ।