ਜਸਪਾਲ ਨਿੱਝਰ/ਦੀਦਾਰ ਗੁਰਨਾ
21 ਨਵੰਬਰ 2019 ਫ਼ਤਿਹਗੜ੍ਹ ਸਾਹਿਬ : ਬੀਤੀ 18 ਨਵੰਬਰ ਨੂੰ ਭੋਰਾ ਸਾਹਿਬ ਫ਼ਤਿਹਗੜ੍ਹ ਸਾਹਿਬ ਵਿਖੇ ਇਕ ਮੰਗੇਤਰ ਜੋੜਾ ਮੱਥਾ ਟੇਕ ਬੈਠਾ ਸੀ ਜਿਨ੍ਹਾਂ ਨਾਲ਼ ਕੁਝ ਲੋਕਾਂ ਨੇ ਕੁੱਟ ਮਾਰ ਕਰਕੇ ਵੀਡੀਓ ਵਾਇਰਲ ਕਰ ਦਿੱਤੀ। ਪੀੜਿਤ ਜਸਪ੍ਰੀਤ ਸਿੰਘ ਜੋ ਕਿ ਪਿੰਡ ਤਲਵਾੜਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਰਹਿਣ ਵਾਲ਼ਾ ਹੈ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਫ਼ਤਿਹਗੜ੍ਹ ਸਾਹਿਬ ਵਿਖੇ 19 ਨਵੰਬਰ ਨੂੰ ਐਫ ਆਈ ਆਰ ਦਰਜ਼ ਕਰਵਾ ਦਿੱਤੀ। ਐਫ ਆਈ ਆਰ ਵਿੱਚ ਦਰਜ਼ ਬਿਆਨ ਵਿੱਚ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਤੇ ਉਸ ਦੀ ਮੰਗੇਤਰ ਕਰੀਬ 3 ਵਜੇ ਮੱਥਾ ਟੇਕ ਕੇ ਭੋਰਾ ਸਾਹਿਬ ਬੈਠੇ ਸੀ ਤਾਂ ਦੋ ਸਰਦਾਰ ਲੜਕੇ ਜਿਨ੍ਹਾਂ ਦੀ ਉਮਰ 23/24 ਸਾਲ ਸੀ ਜਿਨ੍ਹਾਂ ਦੇ ਗੋਲ਼ ਦੁਮਾਲੇ ਬੰਨ੍ਹੇ ਹੋਏ ਸਨ। ਜਿਨ੍ਹਾਂ ਵਿੱਚੋਂ ਇਕ ਲੜਕਾ ਮੋਬਾਈਲ ਨਾਲ਼ ਵੀਡੀਓ ਬਣਾਉਣ ਲੱਗ ਪਿਆ ਤੇ ਦੂਸਰੇ ਨੇ ਜਸਪ੍ਰੀਤ ਨੂੰ ਕਿਹਾ ਕਿ ਬਾਹਰ ਚੱਲ ਤੇਰੇ ਨਾਲ਼ ਗੱਲ ਕਰਨੀ ਹੈ। ਬਾਹਰ ਲਿਜਾ ਕੇ ਕਥਿਤ ਦੋਸ਼ੀਆਂ ਨੇ ਜਸਪ੍ਰੀਤ ਤੋਂ ਲੜਕੀ ਬਾਰੇ ਪੁੱਛਿਆ ਜਿਸ ਦੇ ਜਵਾਬ ਚ ਜਸਪ੍ਰੀਤ ਨੇ ਕਿਹਾ ਕਿ ਲੜਕੀ ਉਸਦੀ ਮੰਗੇਤਰ ਹੈ, ਜਿਸ ਤੋਂ ਬਾਅਦ ਕਥਿਤ ਦੋਸ਼ੀਆਂ ਨੇ ਜਸਪ੍ਰੀਤ ਨੂੰ ਉਸ ਦੇ ਮਾਤਾ ਪਿਤਾ ਨਾਲ਼ ਗੱਲ ਕਰਵਾਉਣ ਲਈ ਕਿਹਾ। ਐਫ ਆਈ ਆਰ ਮੁਤਾਬਿਕ ਜਸਪ੍ਰੀਤ ਦੇ ਪਿਤਾ ਵੱਲੋਂ ਕਾਲ ਅਟੈਂਡ ਨਾ ਕਰਨ ਤੋਂ ਬਾਅਦ ਕੁੱਟਮਾਰ ਕਰਨ ਵਾਲ਼ਿਆਂ ਨੇ ਜਸਪ੍ਰੀਤ ਦੀ ਮਾਤਾ ਨਾਲ਼ ਗੱਲ ਕਰਨ ਤੋਂ ਬਾਅਦ ਉਸ ਨਾਲ਼ ਉਸ ਨਾਲ਼ ਕੁੱਟ ਮਾਰ ਸ਼ੁਰੂ ਕਰ ਦਿੱਤੀ ਥੱਪੜ ਅਤੇ ਲੱਤਾਂ ਨਾਲ਼ ਠੁੱਡੇ ਮਾਰੇ।
(ਜਸਪ੍ਰੀਤ ਨਾਲ਼ ਕੁੱਟਮਾਰ ਕਰਦਿਆਂ ਦੀ ਤਸਵੀਰ)
ਐਫ ਆਈ ਆਰ 'ਚ ਦਰਜ਼ ਜਸਪ੍ਰੀਤ ਦੇ ਬਿਆਨਾ ਮੁਤਾਬਿਕ ਕੁਝ ਸਮੇਂ ਬਾਅਦ ਉਸ ਦੀ ਮੰਗੇਤਰ ਵੀ ਘਟਨਾ ਵਾਲ਼ੀ ਥਾਂ ਤੇ ਆ ਗਈ ਤਾਂ ਕਥਿਤ ਦੋਸ਼ੀਆਂ ਨੇ ਉਸ ਲੜਕੀ ਨਾਲ਼ ਵੀ ਕਥਿਤ ਖਿੱਚ ਧੂਹ ਕੀਤੀ ਅਤੇ ਉਸ ਦੀ ਚੁੰਨੀ ਉਤਾਰ ਦਿੱਤੀ। ਲੋਕਾਂ ਦਾ ਇਕੱਠ ਦੇਖ ਕੇ ਕਥਿਤ ਦੋਸ਼ੀ ਫ਼ਰਾਰ ਹੋ ਗਏ।
(ਜਸਪ੍ਰੀਤ ਆਪਣੀ ਮੰਗੇਤਰ ਨਾਲ਼ ਬੈਠਾ ਹੋਇਆ)
ਕੁੱਟਮਾਰ ਕਰਨ ਵਾਲ਼ਿਆਂ ਵਿੱਚੋਂ ਜਸਪ੍ਰੀਤ ਨੂੰ ਇਕ ਵਿਅਕਤੀ ਜਿਸ ਦਾ ਨਾਮ ਈਸ਼ਵਰ ਸਿੰਘ ਹੈ ਪਤਾ ਲਗਾ ਹੈ ਤੇ ਇਸ ਦੇ ਬਾਕੀ ਸਾਥੀਆਂ ਨੂੰ ਜਸਪ੍ਰੀਤ ਸਾਹਮਣੇ ਆਉਣ ਤੇ ਪਛਾਣਨ ਸਕਣ ਦਾ ਦਾਅਵਾ ਕਰ ਰਿਹਾ ਹੈ।
ਬਾਬੂਸ਼ਾਹੀ ਨਾਲ਼ ਗੱਲ ਕਰਦਿਆਂ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਮੈਨੇਜਰ ਸ: ਨੱਥਾ ਸਿੰਘ ਨੇ ਕਿਹਾ ਕਿ ਇਹ ਘਟਨਾ ਸ਼ਰਮਨਾਕ ਹੈ ਤੇ ਉਹ ਖ਼ੁਦ ਪੁਲਿਸ ਦੇ ਸੰਪਰਕ 'ਚ ਹਨ ਤਾਂ ਜੋ ਕਥਿਤ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾ ਕੇ।
(ਜਸਪ੍ਰੀਤ ਦੇ ਘਰ ਫੋਨ ਤੇ ਗੱਲ ਕਰਦਾ ਹੋਇਆ ਕਥਿਤ ਦੋਸ਼ੀ)
ਬਾਬੂਸ਼ਾਹੀ ਨਾਲ਼ ਗੱਲ ਕਰਦਿਆਂ ਪਿੰਡ ਤਲਵਾੜਾ ਦੇ ਸਰਪੰਚ ਰਾਜਨ ਨੇ ਕਿਹਾ ਕਿ ਉਹ ਘਟਨਾ ਦੀ ਪੰਚਾਇਤ ਵੱਲੋਂ ਨਿੰਦਾ ਕਰਦੇ ਹਨ ਅਤੇ ਜਸਪ੍ਰੀਤ ਨਾਲ਼ ਵਾਪਰੀ ਕੁੱਟਮਾਰ ਦੀ ਘਟਨਾ ਲਈ ਇਨਸਾਫ਼ ਦੀ ਮੰਗ ਕੀਤੀ, ਪਿੰਡ ਦੇ ਸਰਪੰਚ ਨੇ ਇਹ ਵੀ ਕਿਹਾ ਕਿ ਜਸਪ੍ਰੀਤ ਦੀ ਮੰਗਣੀ ਹੋ ਚੁੱਕੀ ਹੈ।
(ਗੁਰਦੁਆਰਾ ਫਤਹਿਗੜ੍ਹ ਸਾਹਿਬ)
ਜਸਪ੍ਰੀਤ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਅਤੇ ਲੜਕੀ ਦੇ ਪਰਿਵਾਰ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਕਥਿਤ ਦੋਸ਼ੀ ਈਸ਼ਵਰ ਸਿੰਘ ਅਤੇ ਉਸ ਦੇ ਸਾਥੀ ਜ਼ਿੰਮੇਵਾਰ ਹੋਣਗੇ।
ਬਾਬੂਸ਼ਾਹੀ ਨਾਲ਼ ਫ਼ੋਨ ਤੇ ਗੱਲ ਕਰਦਿਆਂ ਜਸਪ੍ਰੀਤ ਦੀ ਮੰਗੇਤਰ ਅਤੇ ਪੀੜਤ ਲੜਕੀ ਦੇ ਪਿਤਾ ਨੇ ਪੁਸ਼ਟੀ ਕਰਦਿਆ ਕਿਹਾ ਕਿ ਉਨ੍ਹਾਂ ਦੀ ਬੇਟੀ ਦੀ ਮੰਗਣੀ ਜਸਪ੍ਰੀਤ ਨਾਲ਼ ਹੋ ਚੁੱਕੀ ਹੈ ਅਤੇ ਮੰਗਣੀ ਹੋਈ ਨੂੰ ਤਕਰੀਬਨ ਦੋ ਮਹੀਨੇ ਹੋ ਚੱਲੇ ਹਨ, ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਉਨ੍ਹਾਂ ਦੀ ਬੇਟੀ ਦਾ ਜਨਮ ਦਿਨ ਸੀ ਇਸ ਮੌਕੇ ਜਸਪ੍ਰੀਤ ਵੀ ਹਾਜ਼ਰ ਸੀ ਅਤੇ ਪਰਿਵਾਰਕ ਤਸਵੀਰਾਂ ਵੀ ਮੌਜੂਦ ਹਨ। ਲੜਕੀ ਦੇ ਪਿਤਾ ਦਾ ਕਹਿਣਾ ਹੈ ਘਟਨਾ ਵਾਲੇ ਦਿਨ ਉਨ੍ਹਾਂ ਦੀ ਬੇਟੀ ਉਨ੍ਹਾਂ ਤੋਂ ਪੁੱਛ ਕੇ ਜਸਪ੍ਰੀਤ ਦੇ ਨਾਲ਼ ਗਈ ਸੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਨਾਲ਼ ਲੜਕੀ ਕੁਝ ਪਰੇਸ਼ਾਨ ਹੈ ਅਤੇ ਉਹ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ।