ਜੀ ਐਸ ਪੰਨੂ
ਪਟਿਆਲਾ, 21 ਨਵੰਬਰ 2019 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ . ਐੱਸ. ਘੁੰਮਣ ਵੱਲੋਂ ਡਾ. ਬਲਦੇਵ ਸਿੰਘ ਧਾਲੀਵਾਲ ਨੂੰ ਡੀਨ ਅਲੂਮਨੀ ਰਿਲੇਸ਼ਨਜ਼ ਦੇ ਅਹੁਦੇ ਤੇ ਤਾਇਨਾਤ ਕੀਤਾ ਗਿਆ ਹੈ। ਉਹ ਅਗਲੇ ਆਦੇਸ਼ਾਂ ਤੱਕ ਇਸ ਅਹੁਦੇ ਤੇ ਬਣੇ ਰਹਿਣਗੇ। ਉਨ੍ਹਾਂ ਵੱਲੋਂ ਆਪਣਾ ਅਹੁਦਾ ਸੰਭਾਲਣ ਦੀ ਰਸਮ ਸਮੇਂ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਵਿਸ਼ੇਤ ਤੌਰ ਤੇ ਸ਼ਿਰਕਤ ਕੀਤੀ। ਡਾ. ਘੁੰਮਣ ਨੇ ਉਨ੍ਹਾਂ ਨੂੰ ਇਸ ਮੌਕੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਡਾ. ਧਾਲੀਵਾਲ ਦੀ ਯੋਗ ਅਗਵਾਈ ਵਿਚ ਯੂਨੀਵਰਸਿਟੀ ਦੇ ਵੱਧ ਤੋਂ ਵੱਧ ਸਾਬਕਾ ਵਿਦਿਆਰਥੀ ਯੂਨੀਵਰਸਿਟੀ ਨਾਲ ਜੁੜਨਗੇ, ਜਿਸ ਦਾ ਲਾਭ ਯੂਨੀਵਰਸਿਟੀ ਨੂੰ ਪਹੁੰਚੇਗਾ।
ਜ਼ਿਕਰਯੋਗ ਹੈ ਕਿ ਡਾ. ਬਲਦੇਵ ਸਿੰਘ ਧਾਲੀਵਾਲ ਨੂੰ ਪਿਛਲੇ ਦਿਨੀਂ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਡਾ. ਧਾਲੀਵਾਲ ਪੰਜਾਬੀ ਕਹਾਣੀ ਦੀ ਰਚਨਾਕਾਰੀ ਅਤੇ ਆਲੋਚਨਾ ਦੇ ਖੇਤਰ ਵਿਚ ਇਕ ਸਥਾਪਿਤ ਨਾਮ ਹਨ।ਬਹੁ-ਪੱਖੀ ਪੰਜਾਬੀ ਲੇਖਕ ਡਾ. ਧਾਲੀਵਾਲ ਦੀਆਂ ਹੁਣ ਤਕ 32 ਪੁਸਤਕਾਂ ਅਤੇ ਸੌ ਦੇ ਕਰੀਬ ਖੋਜ-ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਇਕ ਕਾਵਿ-ਸੰਗ੍ਰਹਿ, ਦੋ ਕਹਾਣੀ-ਸੰਗ੍ਰਹਿ, ਤਿੰਨ ਸਫ਼ਰਨਾਮੇ, ਇਕ ਵਾਰਤਕ, ਚੌਦਾਂ ਅਲੋਚਨਾ ਦੀਆਂ ਅਤੇ ਦਸ ਸੰਪਾਦਿਤ ਪੁਸਤਕਾਂ ਛਪ ਚੁੱਕੀਆਂ ਹਨ। ਕਹਾਣੀ ਦੇ ਖੇਤਰ ਵਿਚ ਯੋਗਦਾਨ ਲਈ ਉਨ੍ਹਾਂ ਨੂੰ 1996 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ ਅਤੇ ਆਲੋਚਨਾ ਲਈ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੁਆਰਾ ਡਾ. ਅਤਰ ਸਿੰਘ ਪੁਰਸਕਾਰ ਸਾਲ 2013 ਵਿਚ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਕਹਾਣੀਆਂ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਭਾਰਤ ਦੀਆਂ ਕੁੱਝ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਹਾਣੀਆਂ ਤੇ ਅਧਾਰਿਤ ਦੋ ਟੈਲੀਫਿਲਮਾਂ 'ਵਾਪਸੀ' 'ਇਕ ਕਾਰਗਿਲ ਹੋਰ' ਅਤੇ ਦੋ ਨਾਟਕ 'ਸਾਡਾ ਜੱਗੋਂ ਸੀਰ ਮੁੱਕਿਆ', 'ਮਿਰਜ਼ਾ' ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੇ ਜੀਵਨ ਅਤੇ ਰਚਨਾ ਬਾਰੇ 10 ਵਿਦਿਆਰਥੀ ਐਮ.ਫਿਲ ਪੱਧਰ ਦਾ ਕਾਰਜ ਕਰ ਚੁੱਕੇ ਹਨ ਅਤੇ ਅੱਧੀ ਦਰਜਨ ਦੇ ਕਰੀਬ ਉਨ੍ਹਾਂ ਦੇ ਜੀਵਨ ਅਤੇ ਸਾਹਿਤ ਬਾਰੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਆਪਣੇ ਅਕਾਦਮਿਕ ਜੀਵਨ ਵਿਚ ਭਰਪੂਰ ਸਰਗਰਮੀ ਨਾਲ ਵਿਚਰਨ ਸਦਕਾ ਉਨ੍ਹਾਂ ਨੂੰ ਯੂ.ਜੀ.ਸੀ. ਤੋਂ ਦੋ ਅਤੇ ਸਭਿਆਚਾਰਕ ਮੰਤਰਾਲਾ, ਭਾਰਤ ਸਰਕਾਰ (ਐੱਚ.ਆਰ.ਡੀ.) ਦੁਆਰਾ ਇਕ ਖੋਜ ਪ੍ਰਾਜੈਕਟ ਵੀ ਮਿਲ ਚੁੱਕੇ ਹਨ। ਯੂ.ਜੀ.ਸੀ. ਵੱਲੋਂ 2002-2005 ਦੇ ਸੈਸ਼ਨ ਦੌਰਾਨ ਉਨ੍ਹਾਂ ਨੂੰ ਰਿਸਰਚ ਐਵਾਰਡ ਵੀ ਦਿੱਤਾ ਗਿਆ ਹੈ।
ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਇਸ ਰਸਮ ਮੌਕੇ ਡੀਨ, ਵਿਦਿਆਰਥੀ ਭਲਾਈ ਡਾ. ਤਾਰਾ ਸਿੰਘ, ਐਸੋਸੀਏਟ ਡੀਨ ਅਲੂਮਨੀ ਡਾ. ਪਰਮਵੀਰ ਸਿੰਘ, ਮੁਖੀ ਪੰਜਾਬੀ ਵਿਭਾਗ ਡਾ. ਸੁਰਜੀਤ ਸਿੰਘ, ਮੁਖੀ ਡਿਸਟੈਂਸ ਐਜ਼ੂਕੇਸ਼ਨ, ਵਿਭਾਗ ਡਾ. ਅਨੀਤਾ ਗਿੱਲ, ਇੰਚਾਰਜ਼ ਯੁਵਕ ਭਲਾਈ ਡਾ. ਗੁਰਸੇਵਕ ਸਿੰਘ ਤੋਂ ਇਲਾਵਾ ਸੀਨੀਅਰ ਪ੍ਰੋਫੈਸਰਾਂ ਵਿਚੋਂ ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਸਤਨਾਮ ਸਿੰਘ ਸੰਧੂ, ਡਾ. ਹਰਿੰਦਰ ਕੌਰ ਆਦਿ ਵੀ ਹਾਜ਼ਰ ਰਹੇ।