ਚੇਤਨ ਸ਼ਰਮਾ
ਫਗਵਾੜਾ 21 ਨਵੰਬਰ 2019 - ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਦੇ ਸਾਂਝੇ ਸਹਿਯੋਗ ਨਾਲ ਪੰਜਾਬ ਰਾਜ ਦੇ ਨੇਤਰਹੀਣ ਬੱਚਿਆਂ ਦਾ ਦੂਸਰਾ ਸਲਾਨਾ ਮੈਗਾ ਮਿਊਜਿਕ ਮੁਕਾਬਲਾ ਸਫਲਤਾ ਪੂਰਵਕ ਕੈਂਬਰਿਜ ਸਕੂਲ ਵਿੱਚ ਸਮਾਪਤ ਹੋਇਆ।ਜੂਨੀਅਰ ਵਰਗ ਦੇ ਮੁਕਾਬਲੇ ਵਿੱਚ ਮਨਪ੍ਰੀਤ ਕੋਰ ਸਰਕਾਰੀ ਸਕੂਲ ਫਾਰ ਬਲਾਈਂਡ, ਜਮਾਲਪੁਰ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 10,000 ਰੁਪਏ ਅਤੇ ਟਰਾਫੀ ਜਿੱਤੀ।
ਦੂਸਰਾ ਸਥਾਨ ਸਾਕਸ਼ੀ ਵੀ.ਆਰ.ਟੀ.ਸੀ. ਸਕੂਲ ਲੁਧਿਆਣਾ ਨੇ 8,000 ਰੁਪਏ ਅਤੇ ਟਰਾਫੀ ਨਾਲ ਅਤੇ ਤੀਸਰਾ ਸਥਾਨ ਗੋਲੂ ਵੀ.ਆਰ.ਟੀ.ਸੀ. ਸਕੂਲ ਲੁਧਿਆਣਾ ਨੇ 5,000 ਰੁਪਏ ਅਤੇ ਟਰਾਫੀ ਨਾਲ ਪ੍ਰਾਪਤ ਕੀਤਾ। ਸੀਨੀਅਰ ਗਰੁੱਪ ਵਿੱਚ ਅਕਸ਼ੇ ਕੁਮਾਰ ਜਲੰਧਰ ਨੇ ਪਹਿਲਾ ਸਥਾਨ 15,000 ਰੁਪਏ ਅਤੇ ਟਰਾਫੀ ਨਾਲ, ਦੂਸਰਾ ਸਥਾਨ ਗੁਰਪ੍ਰੀਤ ਸਿੰਘ ਮੋਗਾ ਨੇ 10,000 ਰੁਪਏ ਅਤੇ ਟਰਾਫੀ ਨਾਲ ਅਤੇ ਤੀਸਰਾ ਸਥਾਨ ਸੁਖਚੈਨ ਸਿੰਘ ਫਿਰੋਜਪੁਰ ਨੇ 5000 ਰੁਪਏ ਅਤੇ ਟਰਾਫੀ ਨਾਲ ਜਿੱਤਿਆ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਪੰਜਾਬ ਭਵਨ ਕਨੇਡਾ ਦੇ ਬਾਨੀ ਸੁੱਖੀ ਬਾਠ ਵੱਲੋਂ ਇੱਕ-ਇੱਕ ਹਜ਼ਾਰ ਰੁਪਏ ਅਤੇ ਪੁਨਰਜੋਤ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ। ਮੁਕਾਬਲੇ ਦੇ ਜੇਤੂਆਂ ਦਾ ਗੀਤ ਰਿਕਾਰਡ ਕਰਨ ਲਈ ਡਾਕਟਰ ਰਮੇਸ਼ ਜੀ ਨੇ ਵਾਅਦਾ ਕੀਤਾ ਅਤੇ ਸੁੱਖੀ ਬਾਠ ਜੀ ਵੱਲੌਂ 50,000 ਰੁਪਏ ਰਿਕਾਰਡਿੰਗ ਲਈ ਦੇਣ ਦਾ ਵੀ ਵਾਅਦਾ ਕੀਤਾ ਗਿਆ।ਮੁਕਾਬਲੇ ਦੇ ਜੱਜ ਡਾਕਟਰ ਕੇ. ਐਨ. ਸਰਗਮ ਅਤੇ ਡਾਕਟਰ ਸਵਰ ਲਤਾ ਜੀ ਨੇ ਜੇਤੂਆਂ ਦੀ ਚੋਣ ਕੀਤੀ। ਇਸ ਮੌਕੇ ਬਲਵੀਰ ਸਿੰਘ ਰੰਧਾਵਾ ਜੀ ਯੂ. ਏ. ਈ. ਵੱਲੋਂ ਪੁਨਰਜੋਤ ਸੰਸਥਾ ਨੂੰ ਸੇਵਾ ਦੇ ਕਾਰਜਾਂ ਲਈ ਇੱਕ ਲੱਖ ਰੁਪਏ ਦੀ ਮਦਦ ਕੀਤੀ।
ਨੌਜਵਾਨ ਪੀੜ੍ਹੀ ਲਈ ਸੇਵਾ ਦੀ ਮਿਸਾਲ ਮਨੁੱਖਤਾ ਦੀ ਸੇਵਾ ਤੋਂ ਗੁਰਪ੍ਰੀਤ ਸਿੰਘ ਮਿੰਟੂ ਜੀ, ਪੰਜਾਬੀ ਫਿਲਮੀ ਅਦਾਕਾਰਾ ਪ੍ਰਿਆ ਲਖਨਪਾਲ, ਪ੍ਰਿੰਸੀਪਲ ਕਮਿਸ਼ਨਰ ਡਾਕਟਰ ਜਗਤਾਰ ਸਿੰਘ, ਜਲੰਧਰ ਦੂਰਦਰਸ਼ਨ ਤੋਂ ਗੌਰੀ ਦੱਤ ਸ਼ਰਮਾਂ, ਬਾਲੀਵੁੱਡ ਐਕਟਰ ਜਗਦਰਸ਼ਨ ਸਮਰਾ, ਸੁਭਾਸ਼ ਮਲਿਕ, ਬਿੱਲਾ ਸੰਧੂ, ਦਿਲਜਿੰਦਰ ਰੀਹਲ, ਰਮਨਦੀਪ ਸੋਢੀ ਜਗਬਾਣੀ ਅਤੇ ਮਲਕੀਅਤ ਸਿੰਘ ਰਘਬੋਤਰਾ ਜੀ ਵੱਲੋਂ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਨਮਾਨ ਵੰਡੇ। ਇਸ ਮੌਕੇ ਪੁਨਰਜੋਤ ਦੇ ਇੰਟਰਨੈਸ਼ਨਲ ਕੋ-ਆਰਡੀਨੇਟਰ ਅਸ਼ੋਕ ਮਹਿਰਾ ਅਤੇ ਡਾਕਟਰ ਰਮੇਸ਼ ਨੀ ਵੱਲੌਂ ਮੁਕਾਬਲੇ ਵਿੱਚ ਸਹਿਯੋਗ ਦੇਣ ਲਈ ਕੈਂਬਰਿਜ ਇੰਟਰਨੈਸ਼ਨਲ ਸਕੂਲ, ਪਰਿਆਸ, ਹੇਲਪਿੰਗ ਹੈਂਡਸ, ਸਪਰੈੱਡ ਰੈੱਡ ਅਤੇ ਫਗਵਾੜਾ ਬਲੱਡ ਸੇਵਾ ਦੇ ਨਾਲ ਪੀ. ਜੀ. ਆਈ. ਅੰਗਦਾਨ ਟੀਮ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਵਿੱਚ ਸਮਾਜ ਸੇਵੀਆਂ, ਅੰਗਦਾਨੀਆਂ, ਖੂਨਦਾਨੀਆਂ, ਅੱਖਾਂ ਦਾਨੀ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ।