ਪੰਜਾਬੀ ਭਾਈਚਾਰੇ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੀਆਂ ਹਰਕਤਾਂ ਅਤੇ ਗ਼ੈਰ ਸਮਾਜਿਕ ਵਤੀਰੇ ਦੀ ਨਿੰਦਾ
ਹਰਦਮ ਮਾਨ
ਸਰੀ, 22 ਨਵੰਬਰ, 2019 : ਕੈਨੇਡਾ ਵਿਚ ਵਿਦਿਆਰਥੀ ਵੀਜ਼ੇ ਉਪਰ ਆਏ ਅੱਲੜ ਪੰਜਾਬੀ ਮੁੰਡਿਆਂ ਵੱਲੋਂ ਬੀਤੇ ਦਿਨਾਂ ਵਿਚ ਕੀਤੀ ਹੁੱਲੜਬਾਜ਼ੀ ਅਤੇ ਹਿੰਸਕ ਵਰਤਾਰੇ ਦੀਆਂ ਘਟਨਾਂਵਾਂ ਨਗ਼ੰ ਪੰਜਾਬੀ ਭਾਈਚਾਰੇ ਨੇ ਬੜੀ ਗੰਭੀਰਤਾ ਨਾਲ ਲੈਂਦਿਆਂ ਸਰੀ ਦੇ ਗਰੈਂਡ ਤਾਜ ਬੈਕੁਇਟ ਹਾਲ ਵਿਚ ਇਕ ਭਰਵਾਂ ਇਕੱਠ ਕੀਤਾ। ਇਸ ਇਕੱਠ ਦਾ ਪ੍ਰਬੰਧ ਮੀਡੀਆ ਵੇਵਜ਼ ਰੇਡੀਓ ਵੱਲੋਂ ਕੀਤਾ ਗਿਆ। ਇਕੱਠ ਵਿਚ ਸਰੀ ਦੇ ਮੇਅਰ ਡੱਗ ਮੈਕੱਲਮ, ਐਮ ਪੀ ਰਣਦੀਪ ਸਿੰਘ ਸਰਾਏ, ਕੌਸਲਰ ਮਨਦੀਪ ਸਿੰਘ ਨਾਗਰਾ, ਕੌਂਸਲਰ ਜੈਕ ਹੁੰਦਲ, ਕੌਂਸਲਰ ਡੱਗ ਐਲਫੋਰਡ, ਕੌਸ਼ਲਰ ਔਲਾਸਨ ਪੈਟਨ, ਸਿੱਖ ਆਗੂ ਮੋਤਾ ਸਿੰਘ ਝੀਤਾ, ਰੇਡੀਓ ਹੋਸਟ ਹਰਜੀਤ ਸਿੰਘ ਗਿੱਲ, ਪੌਲ ਬਰਾੜ, ਕੁਲਜੀਤ ਕੌਰ, ਸੀ ਜੇ ਸਿੰਘ ਸਿੱਧੂ, ਆਸ਼ੀਆਨਾ ਖਾਨ ਤੇ ਹੋਰ ਕਈ ਬੁਲਾਰਿਆਂ ਨੇ ਕਿਹਾ ਕਿ ਕੁਝ ਕੁ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਹਰਕਤਾਂ ਅਤੇ ਗ਼ੈਰ ਸਮਾਜਿਕ ਵਿਵਹਾਰ ਦਾ ਸਥਾਨਕ ਭਾਈਚਾਰੇ ਉਪਰ ਮਾੜਾ ਪ੍ਰਭਾਵ ਪੈ ਰਿਹਾ ਹੈ।
ਮੇਅਰ ਡੱਗ ਮੈਕੱਲਮ ਸਮੇਤ ਲਗਪਗ ਸਾਰੇ ਸਿਆਸੀ ਆਗੂਆਂ ਨੇ ਇਹਨਾਂ ਘਟਨਾਵਾਂ ਦੇ ਦੋਸ਼ੀ ਵਿਦਿਆਰਥੀਆਂ ਨੂੰ ਤੁਰੰਤ ਡਿਪੋਰਟ ਕਰਨ ਲਈ ਕਿਹਾ। ਉਹਨਾਂ ਆਰ ਸੀ ਐਮ ਪੀ ਵੱਲੋਂ ਪਿਛਲੇ ਦਿਨਾਂ ਦੀ ਇਕ ਹਿੰਸਕ ਘਟਨਾ ਲਈ ਜ਼ਿੰਮੇਵਾਰ ਤਿੰਨ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਖਬਰ ਨੂੰ ਨਾਕਾਫੀ ਦੱਸਿਆ। ਐਮ ਪੀ ਰਣਦੀਪ ਸਰਾਏ ਦਾ ਕਹਿਣਾ ਸੀ ਕਿ ਹੁੱਲੜਬਾਜ਼ਾਂ ਅਤੇ ਕਾਨੂੰਨ ਭੰਗ ਕਰਨ ਵਾਲਿਆਂ ਲਈ ਪਹਿਲਾਂ ਹੀ ਮੌਜੂਦ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ। ਰੇਡੀਓ ਹੋਸਟ ਕੁਲਜੀਤ ਕੌਰ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਗ਼ੈਰ ਸਮਾਜਿਕ ਵਿਵਹਾਰ ਨੂੰ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕੀਤਾ ਜਾ ਸਕਦਾ। ਜੇਕਰ ਇਸ ਵਰਤਾਰੇ ਨੂੰ ਨਾ ਰੋਕਿਆ ਗਿਆ ਤਾਂ ਸਮਾਜ ਨੂੰ ਮਾੜੇ ਸਿੱਟੇ ਭੁਗਤਣੇ ਪੈਣਗੇ।
ਕੁਝ ਬੁਲਾਰਿਆਂ ਨੇ ਇਸ ਮਾਮਲੇ ਨੂੰ ਤੂਲ ਨਾ ਦੇਣ ਦੀ ਦਲੀਲ ਦਿੰਦਿਆਂ ਬੱਚਿਆਂ ਨੂੰ ਸਮਝਾਉਣ ਅਤੇ ਚੰਗੇ ਸਮਾਜਿਕ ਵਿਵਹਾਰ ਦੀ ਸਿੱਖਲਾਈ ਦਿੱਤੇ ਜਾਣ ਦੀ ਲੋੜ ਉਪਰ ਜ਼ੋਰ ਦਿੱਤਾ। ਇਹ ਵੀ ਕਿਹਾ ਗਿਆ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਸਬੰਧਿਤ ਸਿੱਖਿਆ ਸੰਸਥਾਵਾਂ ਵੱਲੋਂ ਸਥਾਨਕ ਕਦਰਾਂ ਕੀਮਤਾਂ ਅਤੇ ਨੈਤਿਕ ਵਿਵਹਾਰ ਦੇ ਨਾਲ ਨਾਲ ਕੈਨੇਡੀਅਨ ਕਾਨੂੰਨ ਅਤੇ ਸਭਿਆਚਾਰ ਦੀ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਕੁਝ ਬੁਲਾਰਿਆਂ ਨੇ ਇਸ ਸਭ ਲਈ ਫੈਡਰਲ ਸਰਕਾਰ ਦੀ ਦੋਸ਼ਪੂਰਣ ਇਮੀਗ੍ਰੇਸ਼ਨ ਨੀਤੀ ਨੂੰ ਜ਼ਿੰਮੇਵਾਰ ਦੱਸਿਆ। ਕੁਝ ਬੁਲਾਰਿਆਂ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਗਲਤ ਨਿਸ਼ਾਨਾਂ ਬਣਾਏ ਜਾਣ ਦੀ ਗੱਲ ਕੀਤੀ। ਕੁਝ ਬੁਲਾਰਿਆਂ ਨੇ ਵਿਦਿਆਰਥੀਆਂ ਦੇ ਹਿੱਤਾਂ ਦੀ ਗੱਲ ਵੀ ਕੀਤੀ।