ਰਜਨੀਸ਼ ਸਰੀਨ
ਐੱਸ.ਏ.ਐੱਸ. ਨਗਰ, 22 ਨਵੰਬਰ 2019 - ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਟਾਈਮ ਬਾਰਡ ਕਲੇਮਾਂ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਨਵਾਂ ਸਾਫਟਵੇਅਰ ਤਿਆਰ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ, ਐ.ਸਿੱ),ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਮੂਹ ਸਕੂਲ ਮੁੱਖੀਆਂ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਭਵਿੱਖ ਵਿੱਚ ਸਕੂਲ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਟਾਈਮ ਬਾਰਡ ਕਲੇਮਾਂ ਦੀ ਪ੍ਰਵਾਨਗੀ ਲਈ ਅਰਜ਼ੀਆਂ ਸਕੂਲ ਮੁਖੀਆਂ/ ਜਿਲ੍ਹਾ ਸਿੱਖਿਆ ਅਫਸਰਾਂ ਅਤੇ ਮੁੱਖ ਦਫ਼ਤਰ ਵਿਖੇ ਨਾ ਦਿੱਤੀਆ ਜਾਣ ਕਿਉਂਕਿ ਇਸ ਪ੍ਰਕਿਰਿਆ ਨਾਲ ਅਧਿਆਪਕ ਅਤੇ ਕਰਮਚਾਰੀਆਂ ਦਾ ਕਾਫੀ ਸਮਾਂ ਨਸ਼ਟ ਹੋ ਜਾਂਦਾ ਹੈ।
ਇਸ ਸਬੰਧੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਾਫਟਵੇਅਰ 'ਤੇ ਅਧਿਆਪਕਾਂ ਵਲੋਂ ਆਪਣੇ ਮਿਆਦ ਪੁਗਾ ਚੁੱਕੇ ਬਿੱਲਾਂ ਦਾ ਆਨਲਾਈਨ ਇੰਦਰਾਜ਼ ਆਪਣੇ ਈ -ਪੰਜਾਬ ਦੇ ਨਿੱਜੀ ਅਕਾਊਂਟ ਰਾਹੀਂ ਕੀਤਾ ਜਾਵੇ। ਟਾਈਮ ਬਾਰਡ ਬਿੱਲਾਂ ਨੂੰ ਅਪਲਾਈ ਕਰਨ ਵਿੱਚ ਜੇਕਰ ਕਿਸੇ ਕਿਸਮ ਦੀ ਮੁਸ਼ਕਿਲ ਆਉਂਦੀ ਹੈ ਤਾਂ ਅਧਿਆਪਕ ਆਪਣੇ ਜਿਲ੍ਹੇ ਦੇ ਸਬੰਧਤ ਐੱਮ ਆਈ ਐਸ ਵਿੰਗ ਦੇ ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ , ਜਿਨ੍ਹਾਂ ਦੇ ਸੰਪਰਕ ਨੰਬਰ ਪੋਰਟਲ 'ਤੇ ਉਪਲੱਬਧ ਹਨ।
ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਸਮੂਹ ਜਿਲ੍ਹਾ ਸਿੱਖਿਆ ਅਫ਼ਸਰ, ਸਕੂਲ ਮੁਖੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਵੀ ਇਸ ਸਿਸਟਮ ਨੂੰ ਆਪਣੇ ਸਕੂਲ ਜਾਂ ਦਫ਼ਤਰ ਦੇ ਲਾਗਿਨ ਆਈ ਡੀ ਵਿੱਚ ਜਾ ਕੇ ਚੰਗੀ ਤਰ੍ਹਾਂ ਸਮਝ ਲੈਣ ਅਤੇ ਉਨ੍ਹਾਂ ਵੱਲੋਂ ਅਧਿਆਪਕਾਂ ਦੇ ਅਪਲਾਈ ਕੀਤੇ ਜਾਣ ਵਾਲੇ ਟਾਈਮ ਬਾਰਡ ਬਿਲਾਂ ਉੱਤੇ ਰੋਜ਼ਾਨਾ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਵੀ ਪੱਧਰ 'ਤੇ ਕੋਈ ਅਰਜ਼ੀ ਲੰਬਿਤ ਨਾ ਰਹੇ।
ਇਸ ਸਬੰਧੀ ਜਿਹੜੇ ਅਧਿਆਪਕ ਜਾਂ ਵੰਡ ਅਤੇ ਖਰਚਣ ਅਧਿਕਾਰੀ ਇਸ ਪੱਤਰ ਦੇ ਜਾਰੀ ਹੋਣ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣੇ ਜਾਂ ਆਪਣੀ ਸੰਸਥਾ ਵਿੱਚ ਪੈਂਡਿੰਗ ਟਾਈਮ ਬਾਰਡ ਕਲੇਮ ਪ੍ਰਵਾਨਗੀ ਲਈ ਅਪਲਾਈ ਨਹੀਂ ਕਰਨਗੇ ਉਹਨਾਂ ਕੇਸਾਂ ਵਿੱਚ ਦੇਰੀ ਕਰਨ ਵਾਲੇ ਕਸੂਰਵਾਰ ਕਰਮਚਾਰੀਆਂ ਦੀ ਜਿੰਮੇਵਾਰੀ ਨਿਸ਼ਚਿਤ ਕੀਤੀ ਜਾਵੇਗੀ ਅਤੇ ਇਸ ਸਮੇਂ ਉਪਰੰਤ ਮਿਆਦ ਪੁੱਗੇ ਬਿਲਾਂ ਦੇ ਕਾਰਨਾਂ ਦੀ ਘੋਖ ਪੜਤਾਲ ਕਰ ਕੇ ਜਿੰਮੇਵਾਰ ਕਰਮਚਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।