ਸੰਜੀਵ ਸੂਦ
ਲੁਧਿਆਣਾ, 01 ਦਸੰਬਰ 2019 - ਸਬਜ਼ੀਆਂ ਦਾ ਰਾਜਾ ਪਿਆਜ ਲੋਕਾਂ ਦੇ ਹੰਝੂ ਕਢਾ ਰਿਹਾ ਹੈ ਅਤੇ ਪਿਆਜ ਦੀ ਕੀਮਤ ਦਿਨੋਂ ਦਿਨ ਵਧਦੀ ਜਾ ਰਹੀ ਹੈ। ਆਮ ਲੋਕ ਕਾਫੀ ਪ੍ਰੇਸ਼ਾਨ ਨੇ ਜਿਸ ਕਾਰਨ ਉਹ ਹੁਣ ਪਿਆਜ਼ ਨੂੰ ਹੀ ਸਭ ਤੋਂ ਕੀਮਤੀ ਮੰਨ ਰਹੇ ਹਨ। ਅਜਿਹੇ 'ਚ ਹੀ ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਵੇਂ ਲੋਕ ਆਪਣੇ ਕੀਮਤੀ ਸਾਮਾਨ ਅਤੇ ਗਹਿਣੇ ਆਦਿ ਬੈਂਕ ਦੇ ਲਾਕਰ 'ਚ ਰਖਵਾਉਂਦੇ ਨੇ ਉਸੇ ਤਰ੍ਹਾਂ ਲੁਧਿਆਣਾ ਦੇ ਇੱਕ ਵਾਸੀ ਨੇ ਪਿਆਜ਼ ਨੂੰ ਬੈਂਕ ਦੇ ਲਾਕਰ 'ਚ ਜਮਾਂ ਕਰਵਾਇਆ।
ਅਨੋਖਾ ਪ੍ਰੋਟੈਸਟ ਕਰਦਿਆਂ ਲੁਧਿਆਣਾ ਵਾਸੀ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਪਿਆਜ਼ ਨੂੰ ਓਰੀਐਂਟਲ ਬੈਂਕ ਆਫ ਕਾਮਰਸ ਦੇ ਲਾਕਰ ਰਖਵਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਜਗਾਉਣ ਲਈ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਕਿਉਂਕਿ ਪਿਆਜ਼ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ ਜੋ ਕਿ ਆਮ ਲੋਕਾਂ ਦੇ ਵਸ 'ਚੋਂ ਬਾਹਰ ਹੋ ਰਿਹਾ ਹੈ।
ਉੱਧਰ ਬੈਂਕ ਦੇ ਮੈਨੇਜ਼ਰ ਨੇ ਦੱਸਿਆ ਹੈ ਕਿ ਬੈਂਕ ਦੇ ਲਾਕਰਾਂ ਅੰਦਰ ਕੌਣ ਕੀ ਰੱਖਣ ਜਾਂਦਾ ਹੈ ਇਸ ਸਬੰਧੀ ਉਹ ਕੁੱਝ ਕਹਿ ਨਹੀਂ ਸਕਦੇ। ਕਿਉਂਕਿ ਲਾਕਰ ਰੂਮ ਦੇ ਵਿੱਚ ਕਸਟਮਰ ਤੋਂ ਇਲਾਵਾ ਹੋਰ ਕੋਈ ਨਹੀਂ ਜਾਂਦਾ। ਪਰ ਉਨ੍ਹਾਂ ਕਿਹਾ ਕਿ ਜਦੋਂ ਇਹ ਨੌਜਵਾਨ ਆਏ ਸਨ ਤਾਂ ਉਨ੍ਹਾਂ ਦੇ ਹੱਥਾਂ ਚ ਪਿਆਜ਼ ਸਨ ਅਤੇ ਜੇਕਰ ਉਹ ਕਹਿ ਰਹੇ ਨੇ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨੇ ਲਾਕਾਂ 'ਚ ਪਿਆਜ਼ ਹੀ ਰੱਖੇ ਹੋਣ।