ਐਮਰਜੰਸੀ ਨੰਬਰ 112 ਸ਼ੁਰੂ ਨਾ ਕਰਨ ਵਾਲੇ 10 ਰਾਜਾਂ ਵਿਚੋਂ 9 'ਚ ਭਾਜਪਾ ਦੀ ਸਰਕਾਰ
ਐਨ ਸੀ ਆਰ ਬੀ ਦੀ ਰਿਪੋਰਟ ਮੁਤਾਬਕ ਕੁੱਲ ਜਬਰ ਜਿਨਾਹ ਵਿਚੋਂ 24 ਫੀਸਦੀ ਇਹਨਾਂ 10 ਰਾਜਾਂ 'ਚ ਹੋਏ
ਨਵੀਂ ਦਿੱਲੀ, 2 ਦਸੰਬਰ, 2019 : ਹੈਦਰਾਬਾਦ ਵਿਚ ਸਮੂਹਿਕ ਜਬਰ ਜਿਨਾਹ ਤੋਂ ਬਾਅਦ ਜਲਾ ਕੇ ਮਾਰੀ ਗਈ ਵੈਟਨਰੀ ਡਾਕਟਰ ਨੂੰ ਇਨਸਾਫਾ ਦੁਆਉਣ ਲਈ ਦੇਸ਼ ਭਰ ਵਿਚ ਪ੍ਰਦਰਸ਼ਨ ਜਾਰੀ ਹਨ। ਮਹਿਲਾਵਾਂ ਦੇ ਖਿਲਾਫ ਹੈਵਾਨੀਅਤ ਰੋਕਣ ਲਈ ਸਰਕਾਰਾਂ ਕਿੰਨੀਆਂ ਗੰਭੀਰ ਹਨ, ਇਸਦਾ ਪਤਾ ਇਸ ਗੱਲ ਤੋਂ ਵੀ ਲੱਗ ਸਕਦਾ ਹੈ ਕਿ 10 ਰਾਜਾਂ ਨੇ ਮਹਿਲਾਵਾਂ ਲਈ ਹੈਲਪਲਾਈਨ ਨੰਬਰ 112 ਸ਼ੁਰੂ ਹੀ ਨਹੀਂ ਕੀਤਾ। ਕੇਂਦਰ ਸਰਕਾਰ ਨੇ ਫਰਵਰੀ 2019 ਵਿਚ ਵੈਨ ਨੇਸ਼ਨ ਵਨ ਐਮਰਜੰਸੀ ਨੰਬਰ 112 ਸ਼ੁਰੂ ਕੀਤਾ ਸੀ। ਇਸਨੂੰ ਲਾਗੂ ਨਾ ਕਰਨ ਵਾਲੇ 10 ਵਿਚੋਂ 9 ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ ਜਾਂ ਉਸਦੇ ਸਮਰਥਨ ਵਾਲੀਆਂ ਸਰਕਾਰਾਂ ਚਲ ਰਹੀਆਂ ਹਨ। ਐਨ ਸੀ ਆਰ ਬੀ ਦੀ ਤਾਜ਼ਾ ਰਿਪੋਰਟ ਮੁਤਾਬਕ ਇਹਨਾਂ 10 ਰਾਜਾਂ ਵਿਚ ਹੀ ਜਬਰ ਜਿਨਾਹ ਦੇ 7277 ਕੇਸ ਹੋਏ ਹਨ ਜੋ ਕਿ ਦੇਸ਼ ਦੇ ਕੁੱਲ ਮਾਮਲਿਆਂ ਦਾ 24 ਫੀਸਦੀ ਬਣਦੇ ਹਨ।
ਇਹਨਾਂ ਰਾਜਾਂ ਵਿਚ ਕਰਨਾਟਕਾ, ਹਰਿਆਣਾ, ਬਿਹਾਰ, ਸਿਕੱਮ, ਆਸਾਮ, ਮੇਘਾਲਿਆ, ਮਣੀਪੁਰ, ਤ੍ਰਿਪੁਰਾ, ਝਾਰਖੰਡ ਅਤੇ ਉੜੀਸਾ ਸ਼ਾਮਲ ਹਨ।
112 ਹੈਲਪਲਾਈਨ ਤੋਂ ਇਲਾਵਾ 112 ਇੰਡੀਆ ਐਪ ਵੀ ਹੈ ਜਿਥੇ ਮਹਿਲਾਵਾਂ ਮਦਦ ਲੈ ਸਕਦੀਆਂ ਹਨ। ਇਸ ਤੋਂ ਇਲਾਵਾ ਪੁਲਿਸ ਦਾ ਨੰਬਰ 100, ਵੁਮੈਨ ਐਂਡ ਚਾਈਲਡ ਹੈਲਪਲਾਈਨ ਦਾ ਨੰਬਰ 181 ਆਦਿ ਵੀ ਹੈ। ਭਾਵੇਂ 112 ਇੰਡੀਆ ਐਪ ਵੀਹੈ ਪਰ 10 ਰਾਜਾਂ ਵਿਚ ਇਹ ਸ਼ੁਰੂ ਨਹੀਂ ਹੋਈ।