ਗੁਰਨਾਮ ਸਿੱਧੂ
ਫਿਰੋਜ਼ਪੁਰ 02 ਦਸੰਬਰ 2019 : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ''ਪੜ੍ਹੋ ਪੰਜਾਬ ਪੜ੍ਹਾਓ'' ਪ੍ਰੋਜੈਕਟ ਅਧੀਨ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀਵਾਲਾ (ਬਲਾਕ ਘੱਲ ਖੁਰਦ-1 ) ਵਿਖੇ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਹਰਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸੁਖਵਿੰਦਰ ਸਿੰਘ, ਰੁਪਿੰਦਰ ਕੌਰ ਵੱਲੋਂ ਉਚੇਚੇ ਤੌਰ ਤੇ ਪਹੁੰਚ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚੋਂ ਬਲਾਕ ਪੱਧਰ ਤੇ ਜੇਤੂ ਰਹੇ ਵਿਦਿਆਰਥੀਆ ਵੱਲੋ ਸੁੰਦਰ ਹੱਥ ਲਿਖਤ, ਬੋਲ ਲਿਖਤ, ਪਹਾੜ੍ਹਿਆਂ ਦੇ ਮੁਕਾਬਲੇ, ਭਾਸ਼ਣ ਮੁਕਾਬਲੇ, ਅਧਿਆਪਕਾਂ ਦੇ ਸੁੰਦਰ ਲਿਖਤ ਮੁਕਾਬਲੇ, ਕੈਲੀਗ੍ਰਾਫੀ, ਆਮ ਗਿਆਨ, ਪੰਜਾਬੀ ਤੇ ਅੰਗਰੇਜ਼ੀ ਪੜ੍ਹਨ ਦੇ ਮੁਕਾਬਲੇ ਤੇ ਚਿੱਤਰਕਲਾ ਆਦਿ ਮੁਕਾਬਲਿਆਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਹਾਜ਼ਰ ਅਧਿਆਪਕਾਂ, ਬੱਚਿਆ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਇਸ ਵਰ੍ਹੇ ਦੇ ਇਹ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਰਸਤੇ ਉੱਪਰ ਚੱਲਣ ਦੀ ਲੋੜ ਹੈ। ਉਨ੍ਹਾਂ ਸਭ ਨੂੰ ਬੁਰਾਈਆਂ ਤੋਂ ਦੂਰ ਰਹਿੰਦਿਆਂ ਵਿਚ ਚੰਗੇ ਸਮਾਜਿਕ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆਂ ਨੂੰ ਉਨ੍ਹਾਂ ਵਿਚਲੇ ਛੁਪੇ ਹੋਏ ਗੁਣਾਂ ਨੂੰ ਬਾਹਰ ਕੱਢਣ ਲਈ ਅਜਿਹੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲਿਆਂ ਦੀ ਮਹੱਤਤਾ ਉੱਪਰ ਵੀ ਜ਼ੋਰ ਪਾਇਆ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਲਈ ਬੱਚਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਸੁਖਵਿੰਦਰ ਸਿੰਘ, ਰੁਪਿੰਦਰ ਕੌਰ ਨੇ ਕਿਹਾ ਕਿ ਅਜਿਹੇ ਸਹਿ ਵਿੱਦਿਅਕ ਮੁਕਾਬਲੇ ਬੱਚਿਆ ਦੇ ਜੀਵਨ ਵਿੱਚ ਅਹਿਮ ਸਥਾਨ ਹੈ ਜੋ ਕਿ ਉਸ ਵਿਚ ਆਤਮ ਵਿਸ਼ਵਾਸ ਪੈਦਾ ਕਰਦੇ ਹੋਏ ਜੀਵਨ ਵਿਚ ਅੱਗੇ ਵੱਧਣ ਵਿਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿ ਅਜਿਹੇ ਮੁਕਾਬਲੇ ਸਮੇਂ ਸਮੇਂ ਤੇ ਕਰਵਾਏ ਜਾਣੇ ਚਾਹੀਦੇ ਹਨ। ਇਸ ਦੌਰਾਨ ਜ਼ਿਲ੍ਹਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੁਆਰਡੀਨੇਟਰ ਮਹਿੰਦਰ ਸ਼ੈਲੀ ਨੇ ਕਿਹਾ ਕਿ ਇਸ ਵਾਰ ਬਹੁਤ ਨਜ਼ਦੀਕੀ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ ਅਤੇ ਬੱਚਿਆਂ ਨੇ ਬਹੁਤ ਬਿਹਤਰ ਤਰੀਕੇ ਨਾਲ ਤਿਆਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਅੱਜ ਕਿਸੇ ਵੀ ਪੱਧਰ ਦੇ ਮੁਕਾਬਲੇ ਲਈ ਤਿਆਰ ਬਰ ਤਿਆਰ ਹਨ ਜਿਸ ਲਈ ਅਧਿਆਪਕ ਬੱਚੇ ਅਤੇ ਮਾਪੇ ਵਧਾਈ ਦੇ ਪਾਤਰ ਹਨ। ਇਸ ਮੌਕੇ ਨਵ ਨਿਯੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਿਰੋਜ਼ਪੁਰ-3 ਰਣਜੀਤ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ-4 ਇੰਦਰਜੀਤ ਸਿੰਘ ਨੇ ਵੀ ਵਿਭਾਗ ਵਿੱਚ ਆਈ ਗੁਣਾਤਮਕ ਵਿੱਦਿਆ ਪ੍ਰਤੀ ਸੋਚ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦਾ ਵੀ ਉਲੇਖ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਮਿਹਰਦੀਪ ਸਿੰਘ ਦੁਆਰਾ ਬਾਖੂਬੀ ਨਿਭਾਈ ਗਈ। ਜੇਤੂ ਬੱਚਿਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਦਕਿ ਸਾਰੇ ਸਹਿਭਾਗੀਆਂ ਨੂੰ ਪ੍ਰਸੰਸਾ ਪੱਤਰ ਵੰਡੇ ਗਏ। ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਲਈ ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀਵਾਲਾ ਦੇ ਮੁੱਖੀ ਸ਼੍ਰੀਮਤੀ ਜਸਵਿੰਦਰ ਕੌਰ, ਅਧਿਆਪਕ ਤਲਵਿੰਦਰ ਸਿੰਘ ਦਾ ਸਾਰੇ ਸੁਚੱਜੇ ਪ੍ਰਬੰਧਾਂ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਖਵਿੰਦਰ ਸਿੰਘ, ਹਰਬੰਸ ਲਾਲ, ਸ਼੍ਰੀਮਤੀ ਕੁਲਵਿੰਦਰ ਕੌਰ, ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸੁਭਾਸ਼ ਚੰਦਰ, ਪਾਰਸ ਖੁੱਲਰ ਸਮਾਰਟ ਸਕੂਲ ਕੋਆਰਡੀਨੇਟਰ, ਬਲਾਕ ਦੇ ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਅਤੇ ਅਧਿਆਪਕ ਹਾਜ਼ਰ ਸਨ।