← ਪਿਛੇ ਪਰਤੋ
ਸਿੱਖਿਆ ਵਿਭਾਗ ਵੱਲੋਂ ‘ਮਸ਼ਾਲ' ਪ੍ਰੋਜੈਕਟ ਅਧੀਨ ਮੁੱਖ ਦਫ਼ਤਰ ਵਿਖੇ ਅਧਿਆਪਕਾਂ ਦੀ ਸਿਖਲਾਈ ਵਰਕਸ਼ਾਪ* ਐੱਸ.ਏ.ਐੱਸ. ਨਗਰ 02 ਦਸੰਬਰ 2019: ਸਿੱਖਿਆ ਵਿਭਾਗ ਵੱਲੋਂ ‘ਮਸ਼ਾਲ' ਪ੍ਰੋਜੈਕਟ ਅਧੀਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਆਪਕਾਂ ਦੀ ਇੱਕ-ਇੱਕ ਰੋਜ਼ਾ ਗਾਈਡੈਂਸ ਅਤੇ ਕਾਊਂਸਲਿੰਗ ਸਿਖਲਾਈ ਵਰਕਸ਼ਾਪ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਲਗਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਜਲੰਧਰ ਦੇ 45 ਅਧਿਆਪਕਾਂ ਨੂੰ ਗਾਈਡੈਂਸ ਅਤੇ ਕਾਊਂਸਲਰ ਵਜੋਂ ਸਿਖਲਾਈ ਪ੍ਰਦਾਨ ਕੀਤੀ ਗਈ ਅਤੇ ਇਹ ਸਿਖਲਾਈ ਬਾਕੀ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਜੋਤੀ ਸੋਨੀ ਸਟੇਟ ਕੋਆਰਡੀਨੇਟਰ ‘ਮਸ਼ਾਲ' ਪ੍ਰੋਜੈਕਟ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਵਿਦਿਆਰਥੀਆਂ ਨੂੰ ਕਰੀਅਰ ਗਾਈਡੈਂਸ ਅਤੇ ਮਨੋਵਿਗਿਆਨਕ ਸੇਧ ਦੇਣ ਲਈ ਜੁਲਾਈ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ 14 ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਇਹ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀ ਕਈ ਮਾਨਸਿਕ ਸਮੱਸਿਆਵਾਂ ਕਾਰਨ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਹੀ ਮਨੋਵਿਗਿਆਨਕ ਸੇਧ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਇੱਕ ਅਧਿਆਪਕ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਜੋ ਉਹਨਾਂ ਨੂੰ ਹਰ ਖੇਤਰ ਵਿੱਚ ਸਹੀ ਸੇਧ ਪ੍ਰਦਾਨ ਕਰਦਾ ਹੈ। ਇਸ ਲਈ ਵਿਭਾਗ ਵੱਲੋਂ ਅਧਿਆਪਕਾਂ ਨੂੰ ਇਸ ਸੰਬੰਧੀ ਸਿੱਖਿਅਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਥੋਂ ਸਿਖਲਾਈ ਪ੍ਰਾਪਤ ਅਧਿਆਪਕ ਆਪਣੇ-ਆਪਣੇ ਸਕੂਲਾਂ ਵਿੱਚ ਅਧਿਆਪਕਾਂ ਨੂੰ ਸਿਖਲਾਈ ਦੇਣਗੇ ਤਾਂ ਜੋ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਕੇ ਉਨ੍ਹਾਂ ਨੂੰ ਸਹੀ ਸੇਧ ਪ੍ਰਦਾਨ ਕੀਤੀ ਜਾ ਸਕੇ। ਇਸ ਮੌਕੇ ਨਿਸ਼ਾਨ ਐਜੂਕੇਸ਼ਨ ਟਰੱਸਟ ਵੱਲੋਂ ਰਿਸੋਰਸ ਪਰਸਨ ਸਾਈਕੋਲੋਜਿਸਟ ਮੈਡਮ ਰਣਜੀਤ ਪਵਾਰ ਅਤੇ ਹਰਦੀਪ ਸਿੰਘ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਨੂੰ ਹੱਲ ਕਰਕੇ ਉਹਨਾਂ ਨੂੰ ਜੀਵਨ ਵਿੱਚ ਸਹੀ ਦਿਸ਼ਾ ਪ੍ਰਦਾਨ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਮਸ਼ਾਲ ਪ੍ਰੋਜੈਕਟ ਅਧੀਨ ਦਿੱਤੀ ਜਾ ਰਹੀ ਇਹ ਸਿਖਲਾਈ ਵਿਦਿਆਰਥੀਆਂ ਲਈ ਬਹੁਤ ਉਪਯੋਗੀ ਸਾਬਤ ਹੋਵੇਗੀ। ਇਸ ਮੌਕੇ ਸ. ਇੰਦਰਪ੍ਰੀਤ ਸਿੰਘ ਸਟੇਟ ਰਿਸੋਰਸ ਪਰਸਨ ‘ਮਸ਼ਾਲ' ਪ੍ਰੋਜੈਕਟ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਤੇ ਉਨ੍ਹਾਂ ਨੂੰ ਕਰੀਅਰ ਸੰਬੰਧੀ ਸਹੀ ਸੇਧ ਦੇਣ ਲਈ ਵੈੱਬਸਾਈਟ ਲਿੰਕ ਤਿਆਰ ਕੀਤਾ ਗਿਅਾ ਹੈ ਜਿਸ ਨੂੰ ਅਧਿਆਪਕ ਸਿੱਖਿਆ ਵਿਭਾਗ ਦੀ ਵੈਬਸਾਈਟ ਤੋਂ ਲਾਗਇਨ ਕਰ ਸਕਦਾ ਹੈ ਅਤੇ ਵਿਦਿਆਰਥੀਆਂ ਨਾਲ ਸੰਬੰਧਿਤ ਸਮੱਸਿਆਵਾਂ ਦਰਜ ਕਰ ਸਕਦਾ ਹੈ। ਇਸ ਦਾ ਹੱਲ ਸਟੇਟ ਪੱਧਰ ਤੇ ਮਨੋਵਿਗਿਆਨਕਾਂ ਦੁਆਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀ ਵੀ ਇਸ ਸਾਈਟ ਉੱਪਰ ਮੌਜੂਦ ਗੂਗਲ ਫਾਰਮ ਤੇ ਆਪਣੀਆਂ ਸਮੱਸਿਆਵਾਂ ਲਿਖ ਸਕਦਾ ਹੈ ਜਿਸਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਤੇ ਸਟੇਟ ਪੱਧਰ ਤੇ ਮੌਜੂਦ ਮਨੋਵਿਗਿਆਨਕ ਵਿਦਿਆਰਥੀ ਦੀ ਸਮੱਸਿਆ ਦਾ ਸਮਾਧਾਨ ਲਿਖ ਕੇ ਦੇਣਗੇ। ਇਸ ਤੋਂ ਇਲਾਵਾ ਇਸ ਸਾਈਟ ਤੇ ਵੱਖ-ਵੱਖ ਕਿੱਤਿਆਂ ਸੰਬੰਧੀ ਜਾਣਕਾਰੀ, ਵੱਖ-ਵੱਖ ਕਾਲਜਾਂ ਅਤੇ ਕੋਰਸਾਂ ਸੰਬੰਧੀ ਜਾਣਕਾਰੀ ਵੀ ਉਪਲੱਬਧ ਰਹੇਗੀ ਜਿਸ ਨੂੰ ਸਮੇਂ-ਸਮੇਂ ਤੇ ਅੱਪਡੇਟ ਕੀਤਾ ਜਾਂਦਾ ਰਹੇਗਾ|
Total Responses : 930