ਐੱਸ.ਏ.ਐੱਸ ਨਗਰ 2 ਦਸੰਬਰ ,2019: ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵ-ਨਿਯੁਕਤ ਸਕੂਲ ਮੁਖੀਆਂ ਦੀ ਤਿੰਨ ਰੋਜਾ ਵਰਕਸ਼ਾਪ ਦਾ ਦੂਜੇ ਦਿਨ ਸਕੂਲੀ ਬੱਚਿਆਂ ਦੇ ਸਮੁੱਚੇ ਵਿਕਾਸ, ਸਕੂਲਾਂ ਦੀ ਸਮਾਰਟ ਦਿੱਖ, ਮਿਸ਼ਨ ਸ਼ਤ-ਪ੍ਤੀਸ਼ਤ, ਵਿਦਿਆਰਥੀਆਂ ਦੇ ਮੁਲਾਂਕਣ ਬਾਰੇ ਵਿਸਥਾਰ ਨਾਲ਼ ਚਰਚਾ ਕੀਤੀ ਗਈ ।
ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਕੂਲ ਮੁਖੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇੱਕ ਆਦਰਸ਼ ਸਕੂਲ ਮੁਖੀ ਸਮੂੱਚੇ ਸਕੂਲ ਲਈ ਇੱਕ ਰੋਲ ਮਾਡਲ ਹੁੰਦਾ ਹੈ। ਉਹਨਾਂ ਆਸ ਪ੍ਰਗਟਾਈ ਕਿ ਨਵੇਂ ਸਕੂਲ ਮੁਖੀ ਮਿਹਨਤ ਅਤੇ ਲਗਨ ਨਾਲ਼ ਆਪਣੇ ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਂਦਿਆਂ ਬੁਲੰਦੀਆਂ ’ਤੇ ਪਹੁੰਚਾਉਂਣਗੇ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿਖਲਾਈ ਵਰਕਸ਼ਾਪ ਵਿੱਚ ਦੂਜੇ ਦਿਨ ਦੇ ਵਿਸ਼ੇ ਸਕੂਲ ਯੋਜਨਾਬੰਦੀ ਅਤੇ ਦੂਰਦਰਸ਼ਤਾ, ਸਕੂਲ ਸਵੈ ਮੁਲੰਕਣ, ਸਮਾਰਟ ਟੀਚਿਅਾਂ, ਸਕੂਲ ਵਿਕਾਸ ਪਲਾਨ, ਕਲਾਸਰੂਮ ਪੇ੍ਖਣ ਆਦਿ ਬਾਰੇ ਵੀ ਰਿਸੋਰਸ ਪਰਸਨਾਂ ਨੇ ਜਾਣਕਾਰੀ ਦਿੱਤੀ। ਸਕੂਲ ਮੁਖੀਆਂ ਨੂੰ ਸਕੂਲ ਦੇ ਅਧਿਆਪਕਾਂ, ਬੱਚਿਆਂ ਦੇ ਮਾਪਿਆਂ ਅਤੇ ਦਾਨੀ ਸੱਜਣਾਂ ਨਾਲ ਰਾਬਤਾ ਕਾਇਮ ਕਰਕੇ ਸਕੂਲ ਦਾ ਸਰਵਪੱਖੀ ਵਿਕਾਸ ਕਰਨ ਲਈ ਵੀ ੳੁਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਮਨੋਜ ਕੁਮਾਰ ਡਿਪਟੀ ਐੱਸ.ਪੀ.ਡੀ ਤੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ (ਟ੍ਰੇਨਿੰਗਾਂ) ਨੇ ਵੀ ਸੰਬੋਧਨ ਕੀਤਾ। ਬੈਦੁਰਿਆ ਭੂਸ਼ਨ ਸੇਨ ਅਤੇ ਮਾਨਵੀ ਅਰੋੜਾ ਨੇ ਰਿਸੋਰਸ ਪਰਸਨ ਵਜੋਂ ਭੂਮਿਕਾ ਨਿਭਾਈ।