ਮੁਕਤਸਰ ਸਾਹਿਬ, 02 ਦਸੰਬਰ 2019 - ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮੱਲਣ ਦਾ ਰਹਿਣ ਵਾਲਾ ਬਲਵਿੰਦਰ ਸਿੰਘ 11 ਸਾਲ ਪਹਿਲਾਂ ਰੋਜੀ ਰੋਟੀ ਲਈ ਸਾਊਦੀ ਅਰਬ 'ਚ ਗਿਆ ਸੀ। ਉਸ ਨੇ ਕਦੇ ਵੀ ਇਹ ਸੋਚਿਆ ਵੀ ਨਹੀਂ ਹੋਣਾ ਕਿ ਇਹ ਵਿਦੇਸ਼ ਦੀ ਧਰਤੀ ਤੇ ਕਮਾਈ ਕਰਨਾ ਉਸਨੂੰ ਇਨ੍ਹਾਂ ਮਹਿੰਗਾ ਪਵੇਗਾ।
ਬਲਵੰਦਰ ਦੀ ਮਾਤਾ ਮਨਜੀਤ ਕੌਰ ਆਪਣੇ ਬੇਟੇ ਦੀ ਘਰ ਵਾਪਸੀ ਦੀ ਉਡੀਕ ਕਰ ਰਹੀ ਹੈ ਪਰ ਕੁਝ ਦਿਨ ਪਹਿਲਾਂ ਹੀ ਉਸ ਨੂੰ ਫੋਨ ਆਇਆ ਕਿ ਉਸ ਦਾ ਬੇਟਾ ਸਾਊਦੀ ਅਰਬ ‘ਚ ਕਤਲ ਕੇਸ ‘ਚ ਪੰਜ ਸਾਲ ਤੋਂ ਜੇਲ੍ਹ ‘ਚ ਬੰਦ ਹੈ। ਹੁਣ ਪੰਜਾਬੀ ਨੋਜਵਾਨ ਦੀ ਰਿਹਾਈ ਲਈ ਪੀੜਤ ਪਰਿਵਾਰ ਵੱਲੋਂ ਬਲੱਡ ਮਨੀ ਦੇ ਤੌਰ ‘ਚ ਭਾਰਤੀ ਕਰੰਸੀ ਦੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਜੇ ਬਲੱਡ ਮਨੀ ਦਾ ਪੈਸਾ ਨਹੀਂ ਦਿੱਤਾ ਜਾਂਦਾ ਤਾਂ ਪੰਜਾਬੀ ਨੌਜਵਾਨ ਬਲਵਿੰਦਰ ਸਿੰਘ ਦਾ ਸਿਰ ਕਲਮ ਕੀਤਾ ਜਾਵੇਗਾ। ਬਲਵਿੰਦਰ ਦੇ ਬਜ਼ੁਰਗ ਪਿਤਾ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਪਰਿਵਾਰ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਜਿਸ ਨੂੰ ਵੇਚ ਕੇ ਇਹ ਪਰਿਵਾਰ ਬਲੱਡ ਮਨੀ ਦੀ ਰਕਮ ਭਰ ਸਕੇ।
ਬਲਵਿੰਦਰ ਸਿੰਘ ਕਰੀਬ 11 ਸਾਲ ਪਹਿਲਾ ਸਾਊਦੀ ਅਰਬ ਗਿਆ ਸੀ ਅਤੇ ਬੀਤੇ ਕਰੀਬ ਛੇ ਸਾਲ ਤੋਂ ਜ਼ੇਲ੍ਹ 'ਚ ਬੰਦ ਹੈ। ਅਸਲ 'ਚ ਬਲਵਿੰਦਰ ਸਿੰਘ ਜਿਸ ਵਰਕਸ਼ਾਪ ਵਿੱਚ ਕੰਮ ਕਰਦਾ ਸੀ ਉੱਥੇ ਮਿਸ਼ਰ ਦਾ ਇਕ ਵਿਅਕਤੀ ਬਲਵਿੰਦਰ ਅਤੇ ਹੋਰ ਪੰਜਾਬੀ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ। ਇੱਕ ਦਿਨ ਉਸ ਨਾਲ ਪੰਜਾਬੀ ਮੁੰਡਿਆਂ ਦੀ ਲੜਾਈ ਹੋ ਗਈ ਤਾਂ ਉਸਨੇ ਬਲਵਿੰਦਰ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਬਲਵਿੰਦਰ ਸਿੰਘ ਅਤੇ ਉਸਦੇ ਸਾਥੀ ਨੇ ਬਚਾ ਕਰਦਿਆ ਉਸ ਵਿਅਕਤੀ ਤੇ ਸੋਟੀ ਨਾਲ ਵਾਰ ਕੀਤਾ ਅਤੇ ਕੰਪਨੀ ਮਾਲਕ ਨੂੰ ਬੁਲਾ ਲਿਆ ਅਤੇ ਉਸ ਮਿਸ਼ਰ ਦੇ ਵਿਅਕਤੀ ਨੂੰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਲਿਆ। ਜਿਸ ਤੋਂ ਬਾਅਦ ਬਲਵਿੰਦਰ ਸਮੇਤ ਉਸ ਦੇ ਸਾਥੀਆਂ ਨੂੰ ਪੁਲਿਸ ਕੁੱਟਮਾਰ ਦੇ ਦੋਸ਼ ਵਿਚ ਜ਼ੇਲ੍ਹ ਲੈ ਗਈ। ਜਿੱਥੇ ਬਲਵਿੰਦਰ ਅਤੇ ਉਸਦੇ ਸਾਥੀ ਨੂੰ ਪੰਜ ਸਾਲ ਜ਼ੇਲ੍ਹ ਰੱਖਿਆ ਗਿਆ ਅਤੇ ਪੰਜ ਸਾਲ ਬਾਅਦ ਬਲਵਿੰਦਰ ਸਿੰਘ ਨੂੰ ਦੱਸਿਆ ਗਿਆ ਕਿ ਮਿਸਰ ਦੇ ਉਸ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਪਰਿਵਾਰ ਨਾਲ ਸਮਝੌਤਾ ਕੀਤਾ ਜਾਵੇ ਨਹੀਂ ਤਾਂ ਉਸਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਅਸਲ 'ਚ ਮ੍ਰਿਤਕ ਵਿਅਕਤੀ ਦੇ ਵਾਰਿਸ ਕਰੀਬ 90 ਲੱਖ ਰੁਪਏ ਬਲੱਡ ਮਨੀ ਦੀ ਮੰਗ ਕਰ ਰਹੇ ਹਨ। ਜੇ ਇਹ ਮਨੀ ਨਾ ਦਿੱਤੀ ਗਈ ਤਾਂ ਬਲਵਿੰਦਰ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ।