← ਪਿਛੇ ਪਰਤੋ
ਗੁਰਦੁਆਰਾ ਕਰਤਾਰਪੁਰ ਸਾਹਿਬ ਗਈ ਸਿੱਖ ਲੜਕੀ ਲਾਪਤਾ ਹੋਈ ਜਾਂ ਨਹੀਂ ? ਜਾਣੋ ਸੱਚ ਇਸਲਾਮਾਬਾਦ, 2 ਦਸੰਬਰ :ਖ਼ਬਰ ਏਜੰਸੀ ਏ ਐਨ ਆਈ ਦੀ ਖ਼ਬਰ ਅਨੁਸਾਰ ਕਰਤਾਰਪੁਰ ਸਾਹਿਬ ਕਾਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇੇ ਗਈ ਲੜਕੀ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਦੱਸੀ ਜਾ ਰਹੀ ਹੈ। ਪਾਕਿਸਤਾਨ ਪੁਲਿਸ ਨੇ ਇਸ ਸਬੰਧ ਵਿਚ ਲਾਹੌਰ ਅਤੇ ਫ਼ੈਸਲਾ ਬਾਦ ਤੋਂ ਤਿੰਨ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਬਾਬੂਸ਼ਾਹੀ ਡਾਟ ਕਾਮ ਨੇ ਇਸ ਘਟਨਾ ਦੇ ਸਬੰਧ ਵਿਚ ਸੂਤਰਾਂ ਤੋਂ ਜਾਣਕਾਰੀ ਹਾਸਲ ਕੀਤੀ ਹੈ। ਇਸ ਸਬੰਧੀ ਵੱਖ ਵੱਖ ਅਤੇ ਆਪਾ-ਵਿਰੋਧੀ ਰਿਪੋਰਟਾਂ ਮਿਲੀਆਂ ਹਨ . ਇੱਕ ਰਿਪੋਰਟ ਇਹ ਵੀ ਹੈ ਕਿ ਇਹ ਸਿੱਖ ਲੜਕੀ ਹਰਿਆਣਾ ਰਾਜ ਦੇ ਇਕ ਪਿੰਡ ਨਾਲ ਸਬੰਧਿਤ ਹੈ ਜਿਸ ਦਾ ਫੇਸ ਬੁੱਕ ਰਾਹੀਂ ਪਾਕਿਸਤਾਨ ਦੇ ਲੜਕੇ ਨਾਲ ਸੰਪਰਕ ਹੋਇਆ ਸੀ। ਜਦੋਂ ਇਹ ਲੜਕੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਗਈ ਤਾਂ ਇਸ ਦਾ ਆਸ਼ਕ ਲੜਕਾ ਉੱਥੇ ਇਸ ਨੂੰ ਮਿਲਿਆ। ਇਸ ਲੜਕੀ ਨੇ ਉਸੇ ਨਾਲ ਜਾਣ ਅਤੇ ਨਿਕਾਹ ਕਰਾਉਣ ਦੀ ਦੀ ਇੱਛਾ ਬਾਹਰ ਕੀਤੀ ਪਰ ਪਾਕਿਸਤਾਨ ਰੇਂਜਰਜ਼ ਨੇ ਲੜਕੀ ਨੂੰ ਸਮਝਾ ਬੁਝਾ ਕੇ ਵਾਪਸ ਭਾਰਤ ਭੇਜ ਦਿੱਤਾ। ਇਹ ਘਟਨਾ 23 ਨਵੰਬਰ ਦੀ ਦੱਸੀ ਜਾ ਰਹੀ ਹੈ . ਅਜੇ ਤੱਕ ਭਾਰਤ ਜਾਣ ਪਾਕਿਸਤਾਨ ਵਾਲੇ ਪਾਸਿਉਂ ਕੋਈ ਸਰਕਾਰੀ ਪੱਖ ਸਾਹਮਣੇ ਨਹੀਂ ਆਇਆ ਇਸ ਲਈ ਅਸਲੀਅਤ ਜਾਣਨ ਲਈ ਉਡੀਕ ਕਰਨੀ ਪਵੇਗੀ . ਦੱਸਣਯੋਗ ਹੈ ਕਿ ਭਾਰਤ ਦੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਨ ਵਾਸਤ 4.7 ਕਿੱਲੋਮੀਟਰ ਦਾ ਇਹ ਲਾਂਘਾ ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸ਼ੁਰੂ ਕੀਤਾ ਗਿਆ ਸੀ। ਇਸ ਲਾਂਘੇ ਨੂੰ ਚਲਾਉਣ ਵਾਸਤੇ ਦੋਵਾਂ ਦੇਸ਼ਾਂ ਵਿਚ ਲਿਖਤੀ ਸਮਝੌਤਾ 24 ਅਕਤੂਬਰ ਨੂੰ ਸਹੀ ਬੱਧ ਕੀਤਾ ਗਿਆ ਸੀ।
Total Responses : 862