ਕੈਨੇਡਾ ਦੇ ਸਰੀ ‘ਚ ਫਿਰ ਚੱਲੀ ਗੋਲੀ-ਇਕ ਹਲਾਕ, ਇਕ ਜ਼ਖ਼ਮੀ
ਹਰਦਮ ਮਾਨ
ਸਰੀ, 3 ਦਸੰਬਰ, 2019 : ਸਰੀ ਸ਼ਹਿਰ ਵਿਚ ਚੱਲ ਰਹੀ ਗੋਲੀਆਂ ਦੀ ਵਾਛੜ ਮੱਧਮ ਨਹੀਂ ਹੋ ਰਹੀ ਅਤੇ ਲਗਭਗ ਹਰ ਹਫਤੇ ਹੋਣ ਵਾਲੀ ਠਾਹ-ਠੂਹ ਕਾਰਨ ਸ਼ਹਿਰੀ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦੇ ਆ ਰਹੇ ਹਨ। ਬੀਤੀ ਰਾਤ ਵੀ ਫਾਇਰਿੰਗ ਦੀ ਇਕ ਹੋਰ ਘਟਨਾ ਵਾਪਰਨ ਦਾ ਪਤਾ ਲੱਗਿਆ ਹੈ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਹ ਘਟਨਾ ਸਰੀ ਦੇ 13600 ਬਲਾਕ ਅਤੇ 114 ਐਵੀਨਿਊ ਤੇ ਵਾਪਰੀ।
ਆਰ.ਸੀ.ਐਮ.ਪੀ ਨੇ ਅੱਜ ਸਵੇਰੇ ਦੱਸਿਆ ਕਿ ਰਾਤ 11 ਵਜੇ ਉਕਤ ਸਥਾਨ ਤੇ ਗੋਲੀ ਚੱਲਣ ਦੀ ਸੂਚਨਾ ਪੁਲਿਸ ਨੂੰ ਮਿਲੀ ਅਤੇ ਪੁਲਿਸ 5 ਮਿੰਟ ਵਿਚ ਘਟਨਾ ਸਥਾਨ ਤੇ ਪਹੁੰਚ ਗਈ। ਉਥੇ ਇਕ ਵਿਅਕਤੀ ਨੂੰ ਮ੍ਰਿਤਕ ਪਾਇਆ ਗਿਆ ਅਤੇ ਦੂਜੇ ਨੂੰ ਵੀ ਗੋਲੀ ਲੱਗੀ ਹੋਈ ਸੀ, ਜਿਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ।
ਪੁਲਿਸ ਅਨੁਸਾਰ ਇਹ ਗੋਲੀਬਾਰੀ ਗਿਣ ਮਿਥ ਕੇ ਨਿਸ਼ਾਨਾ ਬਣਾ ਕੇ ਕੀਤੀ ਗਈ ਅਤੇ ਦੋਵੇਂ ਪੀੜਤਾਂ ਨੂੰ ਪੁਲਿਸ ਜਾਣਦੀ ਹੈ।