ਕੈਨੇਡਾ: ਸਰੀ 'ਚ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਨੂੰ ਸਮਰਪਤ ਕੈਲੰਡਰ ਜਾਰੀ
ਹਰਦਮ ਮਾਨ
ਸਰੀ, 4 ਦਸੰਬਰ, 2019 : ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਆਗਮਨ ਪੁਰਬ ਨੂੰ ਸਮੱਰਪਿਤ ਕੈਲੰਡਰ ਸਰੀ ਵਿਖੇ "ਜਾਰਜੀਆ ਸਟਰੀਟ" ਦੇ ਸੰਪਾਦਕ ਚਾਰਲੀ ਸਮਿੱਥ ਦੁਆਰਾ ਜਾਰੀ ਕੀਤਾ ਗਿਆ। ਇਸ ਸਮਾਰੋਹ ਵਿਚ ਉਨ੍ਹਾਂ ਨਾਲ ਲਿਬਰਲ ਸੰਸਦ ਮੈਂਬਰ ਸੁੱਖ ਧਾਲੀਵਾਲ, ਐਨ.ਡੀ.ਪੀ. ਵਿਧਾਇਕਾ ਰਚਨਾ ਸਿੰਘ, ਗੁਰੂ ਨਾਨਕ ਫ੍ਰੀ ਕਿਚਨ ਅਤੇ ਇੰਡੀਅਨਜ਼ ਅਬਰੌਡ ਫਾਰ ਪਲੂਰਲਿਸਟ ਇੰਡੀਆ (ਆਈਏਪੀਆਈ) ਦੇ ਮੈਂਬਰ ਸ਼ਾਮਲ ਸਨ।
ਇਸ ਕੈਲੰਡਰ ਉੱਤੇ ਵਿਸ਼ਵ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਦੁਆਰਾ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਹੁਤ ਹੀ ਪ੍ਰਭਾਵਸ਼ਾਲੀ ਚਿੱਤਰ ਹੈ, ਜਿਸ ਵਿਚ ਗੁਰੂ ਨਾਨਕ ਜੀ ਇਕ ਸਾਧਾਰਣ ਅਤੇ ਮਿਹਨਤੀ ਕਿਸਾਨ ਵਾਂਗ ਆਪਣੇ ਖੇਤ ਵਿਚ ਹਲ ਵਾਹ ਰਹੇ ਹਨ। ਇਸ ਮੌਕੇ ਗੁਰੂ ਨਾਨਕ ਦੇਵ ਜੀ ਦੀ ਮਨੁੱਖਤਾਵਾਦੀ ਸੋਚ ਨੂੰ ਪ੍ਰਣਾਮ ਕਰਦਿਆਂ ਸੁਖ ਧਾਲੀਵਾਲ, ਐਨੀ ਓਹਾਨਾ, ਰਚਨਾ ਸਿੰਘ, ਸਿੱਖ ਕਾਰਕੁੰਨ ਕੁਲਵਿੰਦਰ ਸਿੰਘ, ਆਈਏਪੀਆਈ ਮੈਂਬਰ ਸਯਦ ਵਜਾਹਤ ਅਤੇ ਪਾਕਿਸਤਾਨੀ ਕਾਰਕੁੰਨ ਫੁਰਕੁਨ ਗਹਿਲੇਨ ਨੇ ਕਿਹਾ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਦੁਨੀਆਂ ਵਿਚ ਚਾਰੇ ਪਾਸੇ ਨਸਲਵਾਦ ਅਤੇ ਨਫ਼ਰਤ ਫੈਲਦੀ ਜਾ ਰਹੀ ਹੈ। ਅਜਿਹੇ ਵਿਸ਼ਵ-ਵਿਆਪੀ ਹਾਲਾਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਹੋਰ ਵੀ ਢੁਕਵੀਂ ਹੋ ਗਈ ਹੈ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਮੁਸ਼ਕਿਲ ਸਮਿਆਂ ਵਿੱਚ ਦੁਨੀਆਂ ਭਰ ਦੀਆਂ ਦਮਨਕਾਰੀ ਸਰਕਾਰਾਂ ਨੂੰ ਜਵਾਬਦੇਹ ਬਣਾਇਆ ਜਾਵੇ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵੀ ਸਾਨੂੰ ਜਬਰ ਦਾ ਵਿਰੋਧ ਕਰਨ ਦੀ ਪ੍ਰੇਰਨਾ ਦਿੰਦੀ ਹੈ।