ਜਗਦੀਸ਼ ਥਿੰਦ
ਫਾਜ਼ਿਲਕਾ 4 ਦਸੰਬਰ :
ਪੰਜਾਬ ਸਰਕਾਰ ਨੇ ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਪੱਤਰ (ਯੂ.ਡੀ.ਆਈ.ਡੀ.) ਦੇਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜੋ ਕਿ 31 ਦਸੰਬਰ 2019 ਤੱਕ ਚੱਲੇਗੀ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ.ਕਮਲਜੀਤ ਸਿੰਘ ਗਰੇਵਾਲ ਨੇ ਦਿੱਤੀ।
ਇਸ ਮੁਹਿੰਮ ਦੀ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਸ.ਕਮਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਦਾ ਉਦੇਸ਼ ਦਿਵਿਆਂਗ ਵਿਅਕਤੀਆਂ ਦਾ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਡਾਟਾਬੇਸ ਤਿਆਰ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਉਨ੍ਹਾਂ ਨੂੰ ਅਸਾਨੀ ਨਾਲ ਪ੍ਰਾਪਤ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਕਾਰਡ ਨਾਲ ਇੱਕ ਪਾਸੇ ਦਿਵਿਆਂਗ ਵਿਅਕਤੀ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕਣਗੇ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਪਿੰਡ, ਬਲਾਕ, ਜ਼ਿਲ੍ਹਾ, ਸੂਬਾ ਅਤੇ ਰਾਸ਼ਟਰੀ ਪੱਧਰ ’ਤੇ ਮੁੱਖਧਾਰਾ ਵਿੱਚ ਲਿਆਂਦਾ ਜਾ ਸਕੇਗਾ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਪੱਤਰ ਦੇਣ ਲਈ ਯੂ.ਡੀ.ਆਈ.ਡੀ. (ਯੂਨੀਕ ਆਈ.ਡੀ. ਫਾਰ ਪਰਸਨਜ਼ ਵਿੱਦ ਡਿਸਅਬਿਲਟਿਜ਼) ਹੇਠ ://.../ ਪੋਰਟਲ ਬਣਾਇਆ ਗਿਆ ਹੈ। ਦਿਵਿਆਂਗ ਵਿਅਕਤੀ ਆਪਣੇ ਨਿੱਜੀ ਕੰਪਿਊਟਰ, ਨਜ਼ਦੀਕ ਸਾਇਬਰ ਕੈਫੇ, ਗ੍ਰਾਮ ਸੁਵਿਧਾ ਕੇਂਦਰ, ਸੇਵਾ ਕੇਂਦਰ, ਸਾਂਝ ਕੇਂਦਰ, ਸੋਸ਼ਲ ਸਕਿਉਰਟੀ ਦਫ਼ਤਰ, ਪ੍ਰਸ਼ਾਸ਼ਨ ਦੁਆਰਾ ਲਗਾਏ ਜਾ ਰਹੇ ਕੈਂਪਾਂ ਵਿੱਚ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦਿਵਿਆਂਗ ਵਿਅਕਤੀਆਂ ਕੋਲ ਸਿਹਤ ਵਿਭਾਗ ਦੁਆਰਾ ਜਾਰੀ ਆਫ ਲਾਈਨ ਸਰਟੀਫਿਕੇਟ ਹੈ, ਉਹ ਇਹ ਵਿਲੱਖਣ ਪਹਿਚਾਣ ਪੱਤਰ ਪ੍ਰਾਪਤ ਕਰ ਸਕਦੇ ਹਨ।
ਓਧਰ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆਂ ਨੇ ਦੱਸਿਆ ਹੈ ਕਿ ਜੋ ਵਿਅਕਤੀ ਨਵਾਂ ਦਿਵਿਆਂਗ ਸਰਟੀਫਿਕੇਟ ਬਨਾਉਣਾ ਚਾਹੁੰਦੇ ਹਨ, ਉਹ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਹਰੇਕ ਵੀਰਵਾਰ ਨੂੰ ਸੰਪਰਕ ਕਰਨ।