ਰਾਜਸਥਾਨ ਦੇ ਮੁੱਖ ਮੰਤਰੀ ਨਿਵਾਸ 'ਤੇ ਹੋਏ ਕੀਰਤਨ ਦਰਬਾਰ ਦੌਰਾਨ ਮਰਿਆਦਾ ਉਲੰਘਣਾ 'ਤੇ ਅਫਸੋਸ : ਬਲਜਿੰਦਰ ਸਿੰਘ ਮੋਰਜੰਡ
ਸ੍ਰੀ ਗੰਗਾਨਗਰ, 5 ਦਸੰਬਰ, 2019 : ਸਿੱਖ ਆਗੂ ਤੇ ਚਿੰਤਕ ਪ੍ਰੋ. ਬਲਜਿੰਦਰ ਸਿੰਘ ਮੋਰਜੰਡ ਨੇ 4 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਏ ਕੀਰਤਨ ਦਰਬਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦੀ ਉਲੰਘਣਾ 'ਤੇ ਅਫਸੋਸ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਹੈ ਕਿ ਭਾਵੇਂ ਸਮਾਗਮ ਕਰਵਾਉਣ ਲਈ ਰਾਜਸਥਾਨ ਸਰਕਾਰ ਤੇ ਮੁੱਖ ਮੰਤਰੀ ਵਧਾਈ ਦੇ ਪਾਤਰ ਹਨ ਪਰ ਇਸ ਵਿਚ ਹੋਈ ਮਰਿਆਦਾ ਦੀ ਉਲੰਘਣਾ ਮੰਦਭਾਗੀ ਹੈ।
ਉਹਨਾਂ ਦੱਸਿਆ ਕਿ ਪ੍ਰੋਗਰਾਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਕੁਰਸੀਆਂ ਅਤੇ ਸੋਫੇ ਲਗਾਏ ਗਏ ਸਨ ਜਿਸ 'ਤੇ ਮੁੱਖ ਮੰਤਰੀ, ਰਾਜਪਾਲ ਤੇ ਹੋਰ ਵੱਡੇ ਸਿਆਸੀ ਆਗੂ ਬੈਠੇ ਸਨ। ਜਦੋਂ ਸਮਾਗਮ ਵਿਚ ਮੁੱਖ ਮੰਤਰੀ ਪਹੁੰਚੇ ਤਾਂ ਆਮ ਲੋਕ, ਜਿਹਨਾਂ ਵਿਚ ਸਿੱਖਾਂ ਦੀ ਬਹੁ ਗਿਣਤੀ ਸੀ, ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਪਰਵਾਹ ਕੀਤੇ ਬਗੈਰ ਮੁੱਖ ਮੰਤਰੀ ਦੇ ਆਲੇ ਦੁਆਲੇ ਘੇਰਾ ਬਣਾ ਲਿਆ ਤੇ ਅੰਤ ਵਿਚ ਮੁੱਖ ਮੰਤਰੀ ਦਾ ਸਨਮਾਨ ਕਰਨ ਲਈ ਭੀੜ ਵਿਚ ਇੰਨੀ ਹਫੜਾ ਦਫੜੀ ਮਚ ਗਈ ਕਿ ਸਿਰੋਪਾਓ ਅਤ ਸਨਮਾਨ ਚਿੰਨ ਦੀ ਬੇਅਬਦੀ ਵੀ ਹੋਈ।