ਲੋਕੇਸ਼ ਰਿਸ਼ੀ
ਗੁਰਦਾਸਪੁਰ, 05 ਦਸੰਬਰ 2019-ਬੀਤੇ ਦਿਨੀਂ ਬਟਾਲਾ ਦੇ ਕਸਬਾ ਘੁਮਾਣ ਦੇ ਆੜ੍ਹਤੀ ਜਗਜੀਤ ਸਿੰਘ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਭਾਵੇਂ ਸੂਬੇ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤਭੂਸ਼ਣ ਆਸ਼ੂ ਵੱਲੋਂ ਕਾਰਵਾਈ ਕਰਦਿਆਂ ਦੋ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਨਾਲ ਨਾਲ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਸਨ। ਪਰ ਮਿਰਤਕ ਆੜ੍ਹਤੀ ਦੇ ਪਰਿਵਾਰਿਕ ਮੈਂਬਰ ਅਤੇ ਪੰਜਾਬ ਆੜ੍ਹਤੀ ਐਸੋਸੀਏਸ਼ਨ ਇਸ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਉਨ੍ਹਾਂ ਦੀ ਮੰਗ ਹੈ ਕਿ ਮੁਅੱਤਲ ਕੀਤੇ ਗਏ ਦੋਵਾਂ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਗ੍ਰਿਫ਼ਤਾਰੀ ਕਰ ਕੇ ਉਨ੍ਹਾਂ ਖ਼ਿਲਾਫ਼ ਬਣਦੀ ਕਰਵਾਈ ਕੀਤੀ ਜਾਵੇ। ਵੀਰਵਾਰ ਨੂੰ ਇਸੇ ਮੰਗ ਸਬੰਧੀ ਸੂਬੇ ਦੇ ਸਮੂਹ ਆੜ੍ਹਤੀਆਂ ਵੱਲੋਂ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਬੈਨਰ ਹੇਠ ਬਟਾਲਾ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਬਿਆਸ ਦਰਿਆ ਤੇ ਸਥਿਤ ਪੁਲ ਤੇ ਧਰਨਾ ਪ੍ਰਦਰਸ਼ਨ ਕਰਦਿਆਂ ਗੁਰਦਾਸਪੁਰ-ਹੁਸ਼ਿਆਰਪੁਰ-ਚੰਡੀਗੜ੍ਹ ਰੋਡ ਪੂਰੀ ਤਰਾਂ ਨਾਲ ਜਾਮ ਰੱਖਿਆ ਗਿਆ।
ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਅਤੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਨੇ ਦੱਸਿਆ ਕਿ ਫ਼ਸਲ ਦੇ ਸੀਜ਼ਨ ਵਿੱਚ ਸਰਕਾਰੀ ਅਧਿਕਾਰੀ, ਟਰਾਂਸਪੋਰਟ ਠੇਕੇਦਾਰ ਅਤੇ ਦਲਾਲ ਆਪਸ ਵਿੱਚ ਮਿਲੀ ਭੁਗਤ ਕਰ ਕੇ ਆੜ੍ਹਤੀਆਂ ਦੀ ਲੁੱਟ ਕਰਦੇ ਹਨ ਅਤੇ ਜੇ ਕਰ ਕੋਈ ਆੜ੍ਹਤੀ ਇਸ ਘਪਲੇਬਾਜ਼ੀ ਵਿਰੁੱਧ ਅਵਾਜ਼ ਚੁੱਕਦਾ ਹੈ ਤਾਂ ਬਾਰਦਾਣਾ ਅਤੇ ਪੇਮੈਂਟ ਦੇਣ ਦੇ ਬਹਾਨੇ ਉਸ ਨੂੰ ਫ਼ਸਲ ਦੀ ਖ਼ਰੀਦ ਕਰਨ 'ਚ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤੋਂ ਦੁਖੀ ਹੋ ਕੇ ਆੜ੍ਹਤੀ ਜਗਜੀਤ ਸਿੰਘ ਨੇ ਖ਼ੁਦਕੁਸ਼ੀ ਕਰਨ ਦਾ ਰਸਤਾ ਚੁਣਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਪਨਗਰੇਨ ਇੰਸਪੈਕਟਰ, ਫੂਡ ਸਪਲਾਈ ਵਿਭਾਗ ਦੇ ਏਐਫਐਸਓ ਅਤੇ ਟਰਾਂਸਪੋਰਟ ਦੇ ਠੇਕੇਦਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਪਰ ਰਾਜਨੀਤਿਕ ਦਬਾਅ ਹੇਠ ਪੁਲਿਸ ਵੱਲੋਂ ਕਿਸੇ ਵੀ ਮੁਲਜ਼ਮ ਨੂੰ ਹੁਣ ਤੱਕ ਗ੍ਰਿਫ਼ਤਾਰੀ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਉਦੋਂ ਤੱਕ ਸੰਘਰਸ਼ ਕਰਦੇ ਰਹਿਣਗੇ ਜਦੋਂ ਤੱਕ ਜਗਜੀਤ ਸਿੰਘ ਦੇ ਪਰਿਵਾਰ ਨੂੰ ਉਸ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਸਬੰਧੀ ਇਨਸਾਫ਼ ਨਹੀਂ ਮਿਲ ਜਾਂਦਾ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿੱਚ ਸੂਬੇ ਦੇ ਗਵਰਨਰ ਨੂੰ ਮੰਗ ਪੱਤਰ ਦੇ ਕੇ ਇਨਸਾਨ ਦੀ ਮੰਗ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਤਫ਼ਤੀਸ਼ ਸੀਬੀਆਈ ਕੋਲੋਂ ਹੋਣੀ ਚਾਹੀਦੀ ਹੈ।
ਉੱਥੇ ਦੂਜੇ ਪਾਸੇ ਸਬੰਧਿਤ ਥਾਣੇ ਦੇ ਐਸਐਚਓ ਗੁਰਹਰਦੇਵ ਸਿੰਘ ਨਾਲ ਗੱਲਬਾਤ ਕਰਨ ਤੇ ਇਸ ਮਾਮਲੇ ਸਬੰਧੀ ਤਿੰਨ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਤੇ ਕੋਈ ਰਾਜਨੀਤਿਕ ਦਬਾਅ ਨਹੀਂ ਹੈ। ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।