ਉਨਾਵ, 5 ਦਸੰਬਰ 2019 - ਉਨਾਵ 'ਚ ਵੀਰਵਾਰ ਨੂੰ ਸਵੇਰੇ ਇੱਕ ਲੜਕੀ ਨਾਲ ਰੇਪ ਕਰਕੇ ਬਾਅਦ 'ਚ ਉਸ ਨੂੰ ਜਿੰਦਾ ਜਲਾਉਣ ਦੇ ਮਾਮਲੇ 'ਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ 'ਚ ਅੱਜ ਇੱਕ ਨਵਾਂ ਖੁਲਾਸਾ ਹੋਇਆ ਹੈ। ਉੱਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਪੀੜਤਾ 90 ਫੀਸਦੀ ਝੁਲਸ ਚੁੱਕੀ ਸੀ ਪਰ ਉਸ ਤੋਂ ਬਾਅਦ ਵੀ ਉਹ ਮਦਦ ਦੇ ਲਈ 1 ਕਿਲੋ ਮੀਟਰ ਤੱਕ ਪੈਦਲ ਚੱਲੀ ਸੀ। ਇਸ ਦੌਰਾਨ ਹੀ ਉਸ ਨੇ ਘਰ ਦੇ ਬਾਹਰ ਇੱਕ ਕੰਮ ਕਰ ਰਹੇ ਵਿਅਕਤੀ ਕੋਲੋਂ ਮਦਦ ਵੀ ਮੰਗੀ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਪੀੜਤਾ ਨੇ ਹੀ ਪੁਲਿਸ ਨੂੰ ਫੋਨ ਕੀਤਾ ਸੀ ਅਤੇ ਜਿਸ ਤੋਂ ਬਾਅਦ ਹੀ ਪੀਆਰਬੀ ਅਤੇ ਐਂਬੂਲੈਂਸ ਪਹੁੰਚੀ ਸੀ। ਹਸਪਤਾਲ 'ਚ ਪਹੁੰਚ ਕੇ ਹੀ ਪੀੜਤਾ ਨੇ ਆਪਣੇ ਬਿਆਨ ਦਰਜ ਕਰਵਾਏ। ਜਿਸ 'ਚ ਉਸ ਨੇ ਦੱਸਿਆ ਕਿ 5 ਮੁਲਜ਼ਮਾਂ ਨੇ ਪਹਿਲਾਂ ਉਸ ਨੂੰ ਮਾਰਿਆ ਕੁੱਟਿਆ, ਫਿਰ ਬਲਾਤਕਾਰ ਕੀਤਾ ਅਤੇ ਬਾਅਦ 'ਚ ਚਾਕੂ ਵੀ ਮਾਰਿਆ ਅਤੇ ਫਿਰ ਉਸ ਨੂੰ ਜਿਊਂਦੀ ਨੂੰ ਹੀ ਅੱਗ ਲਾ ਦਿੱਤੀ ਗਈ।
ਰੇਪ ਪੀੜਤਾ ਨੂੰ ਸਭ ਤੋਂ ਪਹਿਲਾਂ ਇੱਕ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਬਾਅਦ 'ਚ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲਖਨਊ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਪੀੜਤ ਲੜਕੀ ਨੂੰ ਪਲਾਸਟਿਕ ਸਰਜਰੀ ਯੂਨਿਟ 'ਚ ਰੱਖਿਆ ਹੈ ਅਤੇ ਡਾਕਟਰਾਂ ਅਨੁਸਾਰ ਪੀੜਤ ਲੜਕੀ 90 ਫੀਸਦੀ ਝੁਲਸ ਚੁੱਕੀ ਹੈ।