ਗੁਰਨਾਮ ਸਿੱਧੂ
ਫਿਰੋਜ਼ਪੁਰ, 5 ਦਸੰਬਰ 2019 : ਰਿਟਾਇਰਡ ਟੀਚਰਜ਼ ਅਤੇ ਹੋਰ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫਿਰੋਜ਼ਪੁਰ ਦੀ ਇਕ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪੂਰਨ ਸਿੰਘ ਸੇਠੀ ਦੀ ਪ੍ਰਧਾਨਗੀ ਵਿਚ ਸਰਕਾਰੀ ਪ੍ਰਾਇਮਰੀ ਸਕੂਲ, ਚੁੰਗੀਖਾਨਾ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਹੋਈ। ਜਿਸ ਵਿਚ ਐਸੋਸੀਏਸ਼ਲ ਦੇ ਸਰਪ੍ਰਸਤ ਜਸਵੰਤ ਸਿੰਘ ਕੈਲਵੀ, ਸੁਰਿੰਦਰ ਕੁਮਾਰ ਸ਼ਰਮਾ, ਸਟੇਟ ਬਾਡੀ ਉਪ ਪ੍ਰਧਾਨ ਕ੍ਰਿਸ਼ਨ ਕੁਮਾਰ ਜੈਦਕਾ, ਮੁੱਖ ਸਲਾਹਕਾਰ ਕ੍ਰਿਸ਼ਨ ਕੁਮਾਰ ਧਵਨ, ਜਨਰਲ ਸਕੱਤਰ ਰਮੇਸ਼ ਕੁਮਾਰ ਗਰੋਵਰ, ਜੁਆਇੰਟ ਸਕੱਤਰ ਦੀਵਾਨ ਚੰਦ ਸੁਖੀਜਾ ਅਤੇ ਪ੍ਰਬੰਧਕੀ ਬਲਵਿੰਦਰ ਪਾਲ ਸ਼ਰਮਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਤੋਂ ਸੇਵਾ ਨਵਿਰਤ ਹੋਏ ਪੁਰਸ਼ ਅਤੇ ਮਹਿਲਾ ਪੈਨਸ਼ਨਰ ਸ਼ਾਮਲ ਹੋਏ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਪੂਰਨ ਸਿੰਘ ਸੇਠੀ ਅਤੇ ਜਨਰਲ ਸਕੱਤਰ ਰਮੇਸ਼ ਕੁਮਾਰ ਗਰੋਵਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪੈਨਸ਼ਨਰ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਜਨਵਰੀ 2017, ਜੁਲਾਈ 2017, ਜਨਵਰੀ 2018 ਅਤੇ ਜੁਲਾਈ 2018 ਤੋਂ ਮਹਿੰਗਾਈ ਭੱਤੇ ਦੀਆਂ ਚਾਰ ਬਕਾਇਆ ਕਿਸ਼ਤਾਂ ਜਾਰੀ ਨਾ ਕਰਨ 'ਤੇ ਸਰਕਾਰ ਦੀ ਬੇਰੁਖੀ ਅਤੇ ਅੜੀਅਲ ਵਤੀਰੇ ਪ੍ਰਤੀ ਸਖਤ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਬਕਾਇਦਾ ਪਹਿਲ ਦੇ ਆਧਾਰ 'ਤੇ ਜਾਰੀ ਕੀਤੀਆਂ ਜਾਣ। ਅਨੇਕਾਂ ਪੈਨਸ਼ਨਰ ਬਕਾਇਆ ਉਡੀਕਦਿਆਂ ਉਡੀਕਦਿਆਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੂਰਨ ਸਿੰਘ ਸੇਠੀ ਨੇ ਦੱਸਿਆ ਕਿ ਇਸ ਵਾਰ ਪੈਨਸ਼ਨਰ ਦਿਵਸ 15 ਦਸੰਬਰ ਨੂੰ ਸਵੇਰੇ 11 ਵਜੇ ਸਰਕਾਰੀ ਪ੍ਰਾਇਮਰੀ ਸਕੂਲ ਚੂੰਗੀਖਾਨਾ ਰੋਡ, ਫਿਰੋਜ਼ਪੁਰ ਸ਼ਹਿਰ ਵਿਖੇ ਮਨਾਇਆ ਜਾਵੇਗਾ ਅਤੇ ਇਸ ਸਮਾਗਮ ਦੌਰਾਨ ਆਪਣੇ ਜੀਵਨ ਦੀਆਂ 80 ਬਹਾਰਾਂ ਮਾਣ ਚੁੱਕੇ 6 ਦੇ ਕਰੀਬ ਪੈਨਸ਼ਨਰਾਂ ਨੂੰ ਸੀਨੀਅਰ ਪੈਨਸ਼ਨਰ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।