ਗੁਰਨਾਮ ਸਿੱਧੂ
ਫਿਰੋਜ਼ਪੁਰ 5 ਦਸੰਬਰ 2019 : ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਗੇਟ ਰੈਲੀ ਦੇ ਦਿੱਤੇ ਸੱਦੇ ਅਨੁਸਾਰ ਡਿਪੂ ਫਿਰੋਜ਼ਪੁਰ ਦੇ ਗੇਟ ਤੇ ਭਰਵੀਂ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਭੱਜ ਰਹੀ ਹੈ। ਵੈਲਫੇਅਰ ਐਕਟ 2016 ਵਿਚ ਸੋਧ ਕਰਨ ਦੇ ਨਾਮ 'ਤੇ ਲਗਭਗ ਤਿੰਨ ਸਾਲ ਬੀਤ ਜਾਣ ਦੇ ਬਾਅਦ ਪਨਬੱਸਾਂ ਨੂੰ ਸਮੇਘ ਸਟਾਫ ਰੋਡਵੇਜ਼ ਵਿਚ ਮਰਜ਼ ਕਰਕੇ ਸਰਕਾਰੀ ਖਜ਼ਾਨੇ ਨੂੰ ਭਰਨ ਦੀ ਥਾਂ ਸਰਕਾਰ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਦੇ ਕੇ ਚੰਦ ਟਰਾਂਸਪੋਰਟਾਂ ਦੇ ਘਰ ਭਰ ਰਹੀ ਹੈ ਤੇ ਰੋਡਵੇਜ਼ ਵਿਚ 2014 ਤੋਂ ਕੋਈ ਸਪੇਅਰ ਪਾਰਟਸ ਨਾ ਆਉਣਾ ਰੋਡਵੇਜ਼ ਦੀ ਖਸਤਾ ਹਾਲਤ ਰੋਡਵੇਜ਼ ਬੰਦ ਕਰਨ ਵਾਲੀ ਨੀਤੀ ਸਾਫ ਨਜ਼ਰ ਆ ਰਹੀ ਹੈ। ਸਰਕਾਰ ਖਿਲਾਫ ਖੋਲ੍ਹੇ ਮੋਰਚੇ ਵਿਚ ਭਾਵੇਂ ਕੁਝ ਬਹੁਤਾ ਨਹੀਂ ਮਿਲਿਆ ਪਰ 3 ਦਸੰਬਰ 2019 ਨੂੰ ਟਰਾਂਸਪੋਰਟ ਮੰਤਰੀ ਦੇ ਕਮਰੇ ਵਿਚ ਹੋਈ ਮੀਟਿੰਗ ਵਿਚ ਭਾਵੇਂ ਪੁਰਾਣੇ ਸਮਿਆਂ ਵਿਚ ਵਧੀ ਤਨਖਾਹ ਵਾਧੇ ਦੀ ਚਿੱਠੀ ਮਹਿਕਮੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਅਤੇ ਐੱਮਏਸੀਟੀ ਕੇਸਾਂ ਦੇ ਮੁਲਾਜ਼ਮਾਂ ਤੋਂ 25 ਹਜ਼ਾਰ ਪ੍ਰਤੀ ਕੇਸ ਕੀਤਾ ਗਿਆ ਹੈ, ਪਰ ਅਸੀਂ ਤਾਂ ਪਨਬੱਸਾਂ ਦਾ ਬੀਮਾ ਜਾਂ ਫਿਰ ਐਕਸੀਡੈਂਟ ਫੰਡ ਵਿਚੋਂ ਭੁਗਤਾਨ ਕਰਨ ਦੀ ਮੰਗ ਕਰਦੇ ਹਾਂ। ਚੇਅਰਮੈਨ ਬਾਜ ਸਿੰਘ, ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਠੇਕੇਦਾਰ ਵੱਲੋਂ ਵਰਕਰਾਂ ਦੇ ਕਰੋੜਾਂ ਰੁਪਏ ਬਕਾਇਆ ਅਤੇ ਈਪੀਐੱਫ ਵਿਚ ਘੋਟਾਲਾ ਸੀ, ਜਿਸ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਸ ਦਾ ਫੈਸਲਾ ਆਉਣਾ ਤੇ ਵਰਕਰਾਂ ਦਾ ਹੱਕੀ ਪੈਸਾ ਮਿਲਣਾ ਅਜੇ ਬਾਕੀ ਹੈ, ਜਿਸ ਨਾਲ ਵਰਕਰਾਂ ਦੇ ਕਰੋੜਾਂ ਰੁਪਏ ਦੀ ਹੋਈ ਲੁੱਟ ਵਾਪਸ ਵਰਕਰਾਂ ਨੂੰ ਮਿਲਣ ਦੀ ਆਸ ਜਾਰੀ ਹੈ। ਕੈਸ਼ੀਅਰ ਮੁਖਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ, ਗੌਰਵ ਕਮਾਰ ਨੇ ਕਿਹਾ ਕਿ ਸਾਡੀਆਂ ਜਾਇਜ਼ ਮੰਗਾਂ ਠੇਕੇਦਾਰ ਬਾਹਣ ਕੱਢਣ, ਪਨਬੱਸ ਮੁਲਾਜ਼ਮਾਂ ਨੂੰ ਪੱਕਾ ਕਰਨਾ, ਕੰਡੀਸ਼ਨਾਂ ਖਤਮ ਕਰਕੇ ਵਰਕਰ ਬਹਾਲ ਕਰਨ ਦੀ ਮੰਗ, ਰੋਡਵੇਜ਼ ਵਿਚ ਬੱਸਾਂ ਪਾ ਕੇ ਕਰਾਇਆ ਘੱਟ ਕਰਕੇ ਪੰਜਾਬ ਦੇ ਲੋਕਾਂ ਨੂੰ ਟਰਾਂਸਪੋਰਟ ਦੀ ਸਹੀ ਸਹੁਲਤਾਂ ਦਿਵਾਉਣਾ ਅਜੇ ਜਿਉਂ ਦੀ ਤਿਉਂ ਹੀ ਲਟਕਦੀ ਆ ਰਹੀ ਹੈ। ਸੈਕਟਰੀ ਕੰਵਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਅਨੁਸਾਰ ਮੁਲਾਜ਼ਮਾਂ ਨੂੰ ਪੱਕਾ ਕਰਨਾ ਤੇ ਬਰਾਬਰ ਕੰਮ ਬਰਾਬਰ ਤਨਖਾਹ ਹੈ, ਪਰ ਸਰਕਾਰ ਉਸ ਤੋਂ ਭੱਜਦੀ ਆ ਰਹੀ ਹੈ। ਉਨ੍ਹਾਂ ਆਖਿਆ ਕਿ ਪੁਤਲੇ ਫੂਕਣ ਸਮੇਤ 8, 9 ਅਤੇ 10 ਜਨਵਰੀ 2020 ਦੀ ਤਿੰਨ ਰੋਜ਼ਾ ਹੜਤਾਲ ਦਾ ਫੈਸਲਾ ਯੂਨੀਅਨ ਦੀ ਸਟੇਟ ਕਮੇਟੀ ਦੀ ਮੀਟਿੰਗ ਵਿਚ ਕੀਤਾ ਜਾਵੇਗਾ। ਇਸ ਮੌਕੇ ਪ੍ਰ੍ਰ੍ਰਧਾਨ ਮਨਪ੍ਰੀਤ ਸਿੰਘ, ਜਨਰਲ ਸਕੱਤਰ ਗੁਰਬਖਸ਼ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।