ਗੁਰਨਾਮ ਸਿੱਧੂ
ਫਿਰੋਜ਼ਪੁਰ, 5 ਦਸੰਬਰ 2019 : ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਰੋਕ ਲਾਉਣ ਸਬੰਧੀ ਖਜ਼ਾਨਾ ਦਫਤਰਾਂ ਨੂੰ ਦਿੱਤੇ ਜੁਬਾਨੀ ਹੁਕਮਾਂ ਦੇ ਵਿਰੋਧ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਖਜ਼ਾਨਾ ਦਫਤਰ ਫਿਰੋਜ਼ਪੁਰ ਅੱਗੇ ਰੋਸ ਧਰਨਾ ਦਿੱਤਾ। ਇਸ ਰੋਸ ਧਰਨੇ ਦੀ ਅਗਵਾਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਤੇ ਸਟੇਟ ਕਰਮਚਾਰੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਕੜਮਾ ਨੇ ਕੀਤੀ। ਇਸ ਮੌਕੇ ਵੱਖ ਵੱਖ ਵਿਭਾਗਾਂ ਤੋਂ ਆਏ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤੀ ਮੰਤਰੀ ਵੱਲੋਂ ਸਰਕਾਰ ਬਨਣ ਤੋਂ ਲੈ ਕੇ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪਿਆ ਜਾ ਰਿਹਾ ਹੈ, ਇਸ ਦਾ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਠਹਿਰਾਇਆ ਜਾ ਰਿਹਾ ਹੈ।
ਜਦ ਮੰਤਰੀਆਂ, ਵਿਧਾਇਕਾਂ ਦੀਆਂ ਤਨਖਾਹਾਂ, ਪੈਨਸ਼ਨਾਂ, ਓਐੱਸਡੀਜ਼ ਦੀ ਬੇਲੋੜੀ ਫੌਜ ਖੜੀ ਕਰਕੇ ਸਰਕਾਰੀ ਖਜ਼ਾਨੇ ਨੂੰ ਲੁਟਾਇਆ ਜਾ ਰਿਹਾ ਹੈ, ਸਗੋਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਲਾਗੂ ਕਰਕੇ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀਆਂ ਸਹੂਲਤਾਂ ਨੂੰ ਖੋਹਿਆ ਜਾ ਰਿਹਾ ਹੈ। ਮਹਿੰਗਾਈ ਭੱਤੇ ਦਾ ਲੱਖਾਂ ਰੁਪਏ ਦਾ ਬਕਾਇਆ ਕੈਪਟਨ ਸਰਕਾਰ ਦੱਬੀ ਬੈਠੀ ਹੈ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਸਟੇਟ ਕਰਮਚਾਰੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਕੰਬੋਜ਼, ਪ੍ਰੇਮ ਕੁਮਾਰ ਕਾਮਰਾ ਪ੍ਰਧਾਨ ਪੀਡਬਲਯੂ ਡੀ ਫੀਲਡ ਐਂਡ ਵਰਕਸ਼ਾਪ, ਵਰਕਰਜ਼ ਯੂਨੀਅਨ, ਗੁਰਮੀਤ ਸਿੰਘ ਸਿੰਘ ਔਲਖ, ਬਲਵਿੰਦਰ ਸਿੰਘ ਗੋਗੀਆ ਆਦਿ ਮੁਲਾਜ਼ਮ ਆਗੂਆਂ ਨੇ ਖਜ਼ਾਨਾ ਮਿਲ ਕੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਮੁਲਾਜ਼ਮ ਨੂੰ ਤਨਖਾਹ ਨਾ ਦੇਣ ਦੇ ਜੁਬਾਨੀ ਹੁਕਮ ਦਿੱਤੇ ਹਨ, ਜਦਕਿ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਅਜਿਹਾ ਵਿਤਕਰਾ ਸੁਣ ਕੇ ਮੁਲਾਜ਼ਮ ਵਿਚ ਸਰਕਾਰ ਪ੍ਰਤੀ ਹੋਰ ਵੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦਾ ਜਲਦੀ ਪ੍ਰਬੰਧ ਨਾ ਕੀਤਾ ਤਾਂ ਤਿੱਖੇ ਸੰਘਰਸ਼ ਕੀਤੇ ਜਾਣਗੇ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਧਰਨੇ ਵਿਚ ਦਲੀਪ ਕੁਮਾਰ, ਕਰਨੈਲ ਸਿੰਘ, ਬਲਬੀਰ ਸਿੰਘ, ਵਿਜੇ ਕੁਮਾਰ, ਕੇਵਲ ਸਿੰਘ, ਰੂਪ ਸਿੰਘ, ਮਹਿੰਦਰ ਸਿੰਘ, ਰਮੇਸ਼ ਕੁਮਾਰ ਜ਼ਿਲ੍ਹਾ ਪ੍ਰੀਸ਼ਦ, ਡਮਰ ਬਹਾਦਰ, ਅਨਵਰ ਸਿੰਘ, ਚੰਦਨ ਮੋਹਨ, ਮੁਨਸ਼ੀ, ਰਾਮ, ਧਰਪਾਲ ਆਦਿ ਹਾਜ਼ਰ ਸਨ।