← ਪਿਛੇ ਪਰਤੋ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 6 ਦਸੰਬਰ ; ਅੱਜ ਸਵੇਰੇ ਗ਼ਲਤ ਸਾਈਡ ਤੇ ਆ ਰਹੀ ਬੱਸ ਨਾਲ ਟੱਕਰ ਹੋਣ ਤੇ ਦੋ ਮੋਟਰਸਾਈਕਲ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ । ਇਹ ਵਿਦਿਆਰਥੀ ਜੋ ਕਿ ਚਚੇਰੇ ਭਰਾ ਹਨ । ਮੋਟਰਸਾਈਕਲ ਰਾਹੀਂ ਗੋਲੂ ਕਾ ਮੋੜ ਵਿਖੇ ਸਥਿਤ ਸਕੂਲਾਂ ਅੰਦਰ ਪੜ੍ਹਨ ਲਈ ਜਾ ਰਹੇ ਸਨ । ਗੋਲੂਕਾ ਮੋੜ ਵਿਖੇ ਸਥਿਤ ਡੇਰਾ ਰਾਧਾ ਸਵਾਮੀ ਸੱਤਸੰਗ ਘਰ ਵੱਲ ਗਲਤ ਦਿਸ਼ਾ ਤੋਂ ਚਲਾ ਕੇ ਇਹ ਬੱਸ ਲਿਆਂਦੀ ਜਾ ਰਹੀ ਸੀ । ਹਾਲਾਂਕਿ ਇਸ ਸੜਕ ਦਰਮਿਆਨ ਪੱਕਾ ਡਿਵਾਈਡਰ ਲੱਗਿਆ ਹੋਇਆ ਹੈ । ਪਤਾ ਲੱਗਿਆ ਹੈ ਕਿ ਸੱਤਿਸੰਗ ਘਰ ਅੰਦਰ ਮੌਜੂਦ ਡੇਰੇ ਦੇ ਸ਼ਰਧਾਲੂਆਂ ਨੇ ਬੱਸ ਡਰਾਈਵਰ ਨੂੰ ਗਲਤ ਦਿਸ਼ਾ ਵੱਲ ਬੱਸ ਚਲਾ ਕੇ ਸਤਸੰਗ ਘਰ ਅੰਦਰ ਲੈ ਕੇ ਆਉਣ ਲਈ ਕਿਹਾ । ਏਨੀ ਦੇਰ ਨੂੰ ਮੋਟਰਸਾਈਕਲ ਰਾਹੀਂ ਕਰਨ ਪੁੱਤਰ ਪਰਮਜੀਤ ਅਤੇ ਲਵਿਸ਼ ਪੁੱਤਰ ਅਮਰਜੀਤ ਵਾਸੀਅਨ ਪਿੰਡ ਬਾਜੇ ਕੇ ਸਹੀ ਦਿਸ਼ਾ ਵਿੱਚ ਮੋਟਰਸਾਈਕਲ ਚਲਾ ਕੇ ਆਪਣੇ ਸਕੂਲਾਂ ਵੱਲ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਬੱਸ ਨਾਲ ਉਹ ਟਕਰਾ ਗਏ । ਕਰਨ ਜੋ ਬਾਰਵੀਂ ਜਮਾਤ ਦਾ ਵਿਦਿਆਰਥੀ ਸੀ ਦੇ ਲੱਤ ਦੀਆਂ ਹੱਡੀਆਂ ਟੁੱਟ ਗਈਆਂ । ਲਵਿਸ਼ ਜੋ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਦੇ ਨੱਕ ਅਤੇ ਚਿਹਰੇ ਉੱਪਰ ਗੰਭੀਰ ਸੱਟਾਂ ਵੱਜੀਆਂ । ਸਿਤਮ ਜ਼ਰੀਫੀ ਇਹ ਦੇਖਣ ਵਾਲੀ ਹੈ ਕਿ ਬੱਚਿਆਂ ਨੂੰ ਫੱਟੜ ਰੂਪ ਵਿੱਚ ਛੱਡ ਕੇ ਬੱਸ ਡਰਾਈਵਰ ਨੇ ਬੱਸ ਸਤਸੰਗ ਘਰ ਅੰਦਰ ਲਿਜਾ ਕੇ ਰੋਕ ਦਿੱਤੀ । ਇਹ ਬੱਚੇ ਦਰਦ ਨਾਲ ਸੜਕ ਕਿਨਾਰੇ ਪਏ ਰਹੇ , ਜਿਨ੍ਹਾਂ ਨੂੰ ਬਾਅਦ ਵਿੱਚ ਸਕੂਲਾਂ ਦੇ ਪ੍ਰਬੰਧਕਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਸੰਭਾਲਿਆ । ਬੱਸ ਚਾਲਕ ਅਤੇ ਡੇਰੇ ਦੇ ਸ਼ਰਧਾਲੂ ਬੱਚਿਆਂ ਦੀ ਸਹਾਇਤਾ ਕਰਨ ਤੋਂ ਦੂਰ ਹੀ ਰਹੇ । ਬੱਚਿਆਂ ਨੂੰ ਮੁੱਢਲੀ ਸਹਾਇਤਾ ਲਈ ਪਹਿਲੇ ਸਿਵਲ ਹਸਪਤਾਲ ਗੁਰੂ ਹਰਸਹਾਏ ਵਿਖੇ ਲਿਜਾਇਆ ਗਿਆ , ਜਿੱਥੋਂ ਇਲਾਜ ਲਈ ਉਨ੍ਹਾਂ ਨੂੰ ਮੁਕਤਸਰ ਲਈ ਰੈਫਰ ਕਰ ਦਿੱਤਾ ਗਿਆ ।
Total Responses : 936