ਗੁਰਨਾਮ ਸਿੱਧੂ
ਫਿਰੋਜ਼ਪੁਰ 6 ਦਸੰਬਰ 2019 : ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਕਾਮਰੇਡ ਜਰਨੈਲ ਸਿੰਘ ਭਵਨ ਵਿਖੇ ਓਮ ਪ੍ਰਕਾਸ਼ ਜਨਰਲ ਸਕੱਤਰ ਅਤੇ ਮਲਕੀਤ ਚੰਦ ਪਾਸੀ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਪੈਨਸ਼ਨਰ ਆਗੂਆਂ ਅਤੇ ਸਮੂਹ ਮੈਂਬਰਾਂ ਨੇ ਸਰਕਾਰ ਦੀਆਂ ਪੈਨਸ਼ਨਰ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਪੈਨਸ਼ਨਰ ਆਗੂਆਂ ਬਲਵੰਤ ਸਿੰਘ ਸੰਧੂ, ਅਵਤਾਰ ਸਿੰਘ, ਬਲਬੀਰ ਸਿੰਘ ਸੰਧੂ, ਸੰਤ ਰਾਮ, ਦੀਵਾਨ ਚੰਦ ਸੁਖੀਜਾ, ਗੁਰਸ਼ਰਨ ਸਿੰਘ ਅਤੇ ਕੁਲਦੀਪ ਸਿੰਘ ਖੁੰਗਰ ਨੇ ਕਿਹਾ ਕਿ ਸਰਕਾਰ ਖਾਲੀ ਖ਼ਜ਼ਾਨੇ ਦਾ ਹਵਾਲਾ ਦੇ ਕੇ ਪੈਨਸ਼ਨਰਾਂ ਦੇ ਹੱਕ ਮਾਰੀ ਬੈਠੀ ਹੈ। ਕਰੋੜਾਂ ਰੁਪਏ ਦਾ ਡੀਏ ਦਾ ਬਕਾਇਆ ਸਰਕਾਰ ਨੱਪੀ ਬੈਠੀ ਹੈ। ਆਗੂਆਂ ਨੇ ਮੰਗ ਕੀਤੀ ਹ ਕਿ ਡੀਏ ਦਾ ਬਕਾਹਿਆ, ਡੀਏ ਦੀਆਂ ਰਹਿੰਦੀਆਂ ਕਿਸ਼ਤਾਂ, ਪੇ ਕਮਿਸ਼ਨ ਦੀ ਰਿਪੋਰਟ ਦਾ ਜਲਦੀ ਹੱਲ ਕੀਤਾ ਜਾਵੇ, ਮੈਡੀਕਲ ਭੱਤੇ ਵਿਚ ਵਾਧਾ ਕੀਤਾ ਜਾਵੇ। ਮੀਟਿੰਗ ਵਿਚ 75 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬ ਪੈਨਸ਼ਨਰ ਯੂਨੀਅਨ ਵੱਲੋਂ ਸੂਬਾ ਪੱਧਰ ਤੇ ਪੈਨਸ਼ਨਰ ਡੇ 23 ਦਸੰਬਰ 2019 ਨੂੰ ਜਲੰਧਰ ਵਿਖੇ ਮਨਾਇਆ ਜਾਵੇਗਾ, ਜਿਸ ਵਿਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਦੀ ਪੋਲ ਖੋਲ੍ਹੀ ਜਾਵੇਗੀ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ।