ਗੁਰਨਾਮ ਸਿੱਧੂ
-ਜ਼ਿਲ੍ਹੇ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਥਾਣਿਆਂ ਵਿਚ ਹੋ ਰਹੀਆਂ ਖੱਜਲ ਖੁਆਰੀਆਂ
ਫਿਰੋਜ਼ਪੁਰ 6 ਦਸੰਬਰ 2019 : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ, ਸਾਹਿਬ ਸਿੰਘ ਦੀਨੇ ਕੇ ਤੇ ਮੀਤ ਸਕੱਤਰ ਰਣਬੀਰ ਸਿੰਘ ਰਾਣਾ ਸਮੇਤ ਕਿਸਾਨਾਂ ਦੇ ਵਫਦ ਨੇ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਜ਼ਿਲ੍ਹਾ ਫਿਰੋਜ਼ਪੁਰ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਦੇ ਥਾਣਿਆਂ ਵਿਚ ਸਿਆਸੀ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਿਰਦੋਸ਼ ਲੋਕਾਂ ਤੇ ਇਕਤਰਫਾ ਕਾਰਵਾਈਆਂ ਕਰਕੇ ਝੂਠੇ ਪਰਚੇ ਦਰਜ ਕਰਕੇ ਲੋਕਾਂ ਨੂੰ ਬਿਨਾ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਜਿਵੇਂ ਕਿ ਥਾਣਾ ਮੱਖੂ ਵਿਚ ਕਾਬਲ ਸਿੰਘ ਪਿੰਡ ਸ਼ੀਹਾਂਪਾੜੀ 'ਤੇ ਹੋਏ ਜਾਨਲੇਵਾ ਹਮਲੇ ਦੌਰਾਨ ਡਾਕਟਰੀ ਰਿਪੋਰਟ ਆਉਣ ਦੇ ਬਾਵਜੂਦ ਵੀ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਥਾਣਾ ਮੱਲਾਂਵਾਲਾ ਵਿਚ ਐੱਫਆਈਆਰ 40 ਦਰਜ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਤੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ, ਜਦਕਿ ਦੂਜੇ ਪਾਸੇ ਇਸੇ ਹੀ ਥਾਣੇ ਵਿਚ ਸੁਖਚੈਨ ਸਿੰਘ ਵਾਸੀ ਲੋਹੁਕਾ ਖੁਰਦ ਦੇ ਘਰ ਵਿਚ ਜੁਗਰਾਜ ਸਿੰਘ ਅਤੇ ਉਸ ਦੇ 40-50 ਸਾਥੀਆਂ ਨੇ ਦਾਖਲ ਹੋ ਕੇ ਉਸ ਨੂੰ ਪਤਨੀ ਤੇ ਬੱਚਿਆਂ ਸਮੇਤ ਕੁੱਟਮਾਰ ਕਰਕੇ ਘਰ ਦੀ ਭੰਨ ਤੋੜ ਕੀਤੀ ਅਤੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਤੇ ਗਾਲ੍ਹਾਂ ਕੱਢੀਆਂ ਜਦੋਂ ਸੁਖਚੈਨ ਸਿੰਘ ਨੇ ਥਾਣੇ ਵਿਚ ਦਰਖਾਸਤ ਦਿੱਤੀ ਤਾਂ ਪੁਲਿਸ ਨੇ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਉਸ ਨੂੰ ਥਾਣੇ ਸੱਦ ਕੇ ਉਸ ਦੀ ਸੱਤ ਇਕਵੰਜਾ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ।
ਥਾਣਾ ਜ਼ੀਰਾ ਵਿਚ ਪਿੰਡ ਬਹਿਕ ਗੁਜਰਾਂ ਦੇ ਗੁਰਨਾਮ ਸਿੰਘ ਦਾ ਭਰਾਵਾਂ ਨਾਲ ਸਾਂਝੀ ਡਰਿੱਲ ਦਾ ਰੌਲਾ ਸੀ ਜਿਸ ਤੇ ਗੁਰਨਾਮ ਸਿੰਘ ਨੇ ਐੱਸਐੱਚਓ ਜ਼ੀਰਾ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਤਾਂ ਉਲਟਾ ਉਸ ਨੂੰ ਥਾਣੇ ਸੱਦ ਦੇ ਸੱਤ ਇਕਵੰਜਾ ਦਾ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ। ਕਿਸਾਨ ਆਗੂਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤਾਂ ਸੌਂਪਦੇ ਹੋਏ ਇਨ੍ਹਾਂ ਦਾ ਨਿਪਟਾਰਾ ਤੁਰੰਤ ਕਰਨ ਲਈ ਕਿਹਾ ਤੇ ਨਾਲ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ 'ਤੇ ਕਾਰਵਾਈ ਨਾ ਕੀਤੀ ਤੇ ਝੂਠੇ ਪਰਚੇ ਰੱਦ ਨਾ ਕੀਤੇ ਤਾਂ ਜਥੇਬੰਦੀ ਇਸ ਵਿਰੁੱਧ ਮੋਰਚਾ ਖੋਲ੍ਹੇਗੀ। ਇਸ ਮੌਕੇ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਸੁਖਵੰਤ ਸਿੰਘ ਲੋਹੁਕਾ, ਧਰਮ ਸਿੰਘ ਜੋਨ ਗੁਰੂਹਰਸਹਾਏ, ਫੁੰਮਣ ਸਿੰਘ, ਜਰਨੈਲ ਸਿੰਘ, ਹਰਦੀਪ ਸਿੰਘ ਹਾਮਦਵਾਲਾ, ਅੰਗਰੇਜ਼ ਸਿੰਘ ਬੂਟੇਵਾਲਾ, ਬਚਿੱਤਰ ਸਿੰਘ, ਹਰਫੂਲ ਸਿੰਘ ਆਦਿ ਆਗੂ ਹਾਜ਼ਰ ਸਨ।