- ਆਪਣੇ ਭਾਈਚਾਰੇ ਦੀ ਸਰਕਾਰੀ ਨਸਲਕੁਸ਼ੀ ਬਾਰੇ ਸਭ ਕੁੱਝ ਜਾਣਦੇ ਹੋਏ ਵੀ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਗੁਨਾਹਗਾਰ ਲੋਕਾਂ ਵਿਚ ਬੈਠੇ ਰਹਿਣ 'ਤੇ ਹੈਰਾਨੀ ਪ੍ਰਗਟਾਈ
ਮਹਿਤਾ / ਅੰਮ੍ਰਿਤਸਰ, 6 ਦਸੰਬਰ 2019 - ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਨਵੰਬਰ '84 ਦੌਰਾਨ ਦਿੱਲੀ ਵਿਖੇ ਕੀਤੇ ਗਏ ਸਿਖ ਕਤਲੇਆਮ 'ਚ ਗਾਂਧੀ ਪਰਿਵਾਰ ਖ਼ਾਸਕਰ ਰਾਜੀਵ ਗਾਂਧੀ ਦੀ ਸ਼ਮੂਲੀਅਤ ਪ੍ਰਤੀ ਭਾਰਤੀ ਲੋਕਤੰਤਰੀ ਪ੍ਰਨਾਲੀ ਵਿਚ ਸਭ ਤੋਂ ਉੱਚੇ ਸੰਵਿਧਾਨਕ ਪਦ 'ਤੇ ਬਿਰਾਜਮਾਨ ਰਹੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਪਰਦਾ ਚੁੱਕ ਦੇਣ ਨਾਲ ਹੋਰ ਕਿਸੇ ਸਬੂਤ ਜਾਂ ਪ੍ਰਮਾਣ ਦੀ ਲੋੜ ਨਹੀਂ ਰਹਿ ਜਾਂਦੀ। ਇਸ ਲਈ ਗਾਂਧੀ ਪਰਿਵਾਰ ਨੂੰ '84 ਦੇ ਕਤਲੇਆਮ ਪ੍ਰਤੀ ਆਪਣੇ ਪਰਿਵਾਰ ਦਾ ਗੁਨਾਹ ਕਬੂਲ ਕਰ ਲੈਣਾ ਚਾਹੀਦਾ ਹੈ।
ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ਵਿਚ ਦਮਦਮੀ ਟਕਸਾਲ ਦੇ ਮੁਖੀ ਨੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ '84 ਦੇ ਦੁਖਾਂਤ ਲਈ ਰਾਜੀਵ ਗਾਂਧੀ ਦੀ ਸ਼ੈਅ ਹੋਣ ਪ੍ਰਤੀ ਕੀਤੇ ਗਏ ਖ਼ੁਲਾਸੇ ਨੂੰ ਦੇਰ ਆਏ ਦਰੁਸਤ ਆਏ ਕਿਹਾ । ਪਰ ਉਸ ਵੱਲੋਂ ਤਤਕਾਲੀ ਸਰਕਾਰ ਵੱਲੋਂ ਉਸ ਵਕਤ ਦਿੱਲੀ ਵਿਖੇ ਆਰਮੀ ਨੂੰ ਨਾ ਆਉਣ ਦਿਤੇ ਜਾਣ ਦੀ ਹਕੀਕਤ ਨੂੰ ਲੰਮਾ ਸਮਾਂ ਲੁਕਾਈ ਰਖਣ 'ਤੇ ਸਵਾਲ ਵੀ ਉਠਾਇਆ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਆਪਣੇ ਭਾਈਚਾਰੇ ਦੀ ਸਰਕਾਰੀ ਨਸਲਕੁਸ਼ੀ ਬਾਰੇ ਸਭ ਕੁੱਝ ਜਾਣਦੇ ਹੋਏ ਵੀ ਗੁਨਾਹਗਾਰ ਲੋਕਾਂ ਵਿਚ ਕਿਵੇਂ ਬੈਠੇ ਰਹੇ? ਉਨ੍ਹਾਂ ਕਿਹਾ ਸਾਰਾ ਵਿਸ਼ਵ ਜਾਣ ਦਾ ਹੈ ਕਿ ਦੇਸ਼ ਦੀਆਂ ਵੱਖ ਵੱਖ ਸਰਕਾਰਾਂ, ਜਾਂਚ ਕਮਿਸ਼ਨਾਂ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਉਕਤ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇ ਚੁਕੇ ਹਨ। ਫਿਰ ਵੀ ਕਿੰਨੀ ਹੈਰਾਨੀ ਦੀ ਗਲ ਹੈ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਤਮਾਮ ਕਾਂਗਰਸੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਿਖਾਉਣ ਦੀ ਥਾਂ ਰਾਜੀਵ ਗਾਂਧੀ ਵੱਲੋਂ ਉਸ ਵਕਤ ਕਹੀ ਗਈ ਗਲ ਕਿ 'ਵਡਾ ਦਰਖਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ'' ਨੂੰ ਸਹੀ ਕਰਨ 'ਚ ਹੀ ਲਗੇ ਰਹੇ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਚਹੇਤੇ ਉਕਤ ਯੋਜਨਾਬੱਧ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ, ਸਜਨ ਕੁਮਾਰ, ਐਚ ਕੇ ਐਲ ਭਗਤ ਅਤੇ ਕਮਲ ਨਾਥ ਵਰਗਿਆਂ ਨੂੰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਨਾ ਕੇਵਲ ਸਿਆਸੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਰਹੀ ਸਗੋਂ ਇਨ੍ਹਾਂ ਦੋਸ਼ੀਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਉਨ੍ਹਾਂ ਨੂੰ ਵਜੀਰੀਆਂ ਅਤੇ ਮੁਖ ਮੰਤਰੀ ਪੱਦ ਨਾਲ ਅਜ ਤਕ ਵੀ ਨਿਵਾਜਿਆ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ '84 ਦੇ ਕਤਲੇਆਮ 'ਚ ਕਾਂਗਰਸ ਆਗੂਆਂ ਦੀ ਸ਼ਮੂਲੀਅਤ ਬਾਰੇ ਪ੍ਰਤੱਖ ਸਚਾਈ ਨੂੰ ਸਵੀਕਾਰ ਕਰਨ ਦੀ ਥਾਂ ਜਾਣਬੁੱਝ ਕੇ ਇਹ ਕਿਹਾ ਸੀ ਕਿ ਹੋ ਸਕਦਾ ਹੈ ਕੁੱਝ ਕਾਂਗਰਸੀ ਆਗੂ ਸ਼ਾਮਿਲ ਹੋਣ। ਪਰ ਇਹ ਇਸ ਦੇਸ਼ ਦੀ ਵਿਡੰਬਣਾ ਹੈ ਕਿ ਜਿਸ ਕੌਮ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਿਚ 80 ਫੀਸਦੀ ਕੁਰਬਾਨੀਆਂ ਦਿੱਤੀਆਂ ਉਸ ਕੌਮ ਨਾਲ ਸ਼ਰੇਆਮ ਧੋਖਾ ਕਰਦਿਆਂ ਦਿਨ ਦਿਹਾੜੇ ਸਰਕਾਰੀ ਸ਼ੈਅ 'ਤੇ ਤਿੰਨ ਦਿਨ ਨਸਲਕੁਸ਼ੀ ਹੁੰਦੀ ਰਹੀ।