ਮਨਪ੍ਰੀਤ ਸਿੰਘ ਜੱਸੀ
- ਬਾਬਾ ਸਾਹਿਬ ਦੇ ਪਦ ਚਿੰਨਾਂ ਤੇ ਚੱਲਣ ਦੀ ਲੋੜ-ਵੇਰਕਾ
ਅੰਮ੍ਰਿਤਸਰ, 6 ਦਸੰਬਰ 2019 - ਅੱਜ ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ:ਬੀ:ਆਰ:ਅੰਬੇਦਕਰ ਜੀ ਦੇ ਮਹਾਂ ਪਰੀਨਿਰਵਾਣ ਦਿਵਸ ਤੇ ਆਰਟ ਗੈਲਰੀ ਵਿਖੇ ਇਕ ਸ਼ਰਧਾਂਜਲੀ ਸਮਾਰੋਹ ਆਯੋਜਤ ਕੀਤਾ ਗਿਆ, ਜਿਸ ਵਿੱਚ ਸ੍ਰੀ ਰਾਜ ਕੁਮਾਰ ਵੇਰਕਾ ਦਰਜਾ ਪ੍ਰਾਪਤ ਕੈਬਨਿਟ ਮੰਤਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸ੍ਰੀ ਵੇਰਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਯੁੱਗ ਵਿੱਚ ਸਮਾਜ ਵਿੱਚ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਬਾਬਾ ਸਾਹਿਬ ਦੇ ਪਦ ਚਿੰਨਾਂ ਤੇ ਚੱਲਣ ਦੀ ਲੋੜ ਹੈ।ਉਹਨਾਂ ਕਿਹਾ ਕਿ ਬਾਬਾ ਸਾਹਿਬ ਜੀ ਨੇ ਭਾਰਤੀ ਸੰਵਿਧਾਨ ਰਾਹੀਂ ਸਾਰੇ ਧਰਮਾਂ ਨੂੰ ਇਕ ਸੂਤਰ ਵਿੱਚ ਪਰੋਇਆ ਸੀ। ਸ੍ਰੀ ਵੇਰਕਾ ਨੇ ਕਿਹਾ ਕਿ ਸਮਾਜ ਵਿੱਚ ਗਰੀਬ ਲੋਕਾਂ ਦੇ ਹੱਕਾਂ ਦੇ ਲਈ ਇਕ ਨਵੇਂ ਜਨ ਅੰਦੋਲਨ ਦੀ ਲੋੜ ਹੈ ਤਾਂ ਜੋ ਸਮਾਜ ਵਿੱਚ ਹਰੇਕ ਨੂੰ ਬਰਾਬਰੀ ਦਾ ਦਰਜਾ ਮਿਲ ਸਕੇ। ਉਨਾਂ ਦੱਸਿਆ ਕਿ 74 ਦੇਸ਼ਾਂ ਦੇ ਮੁਲਕਾਂ ਵੱਲੋਂ ਭਾਰਤੀ ਸੰਵਿਧਾਨ ਨੂੰ ਮੁੱਖ ਰੱਖ ਕੇ ਆਪਣੇ ਦੇਸ਼ ਦਾ ਸਾਸ਼ਨ ਚਲਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਬਾਬਾ ਸਾਹਿਬ ਨੇ ਸਾਰਿਆਂ ਲਈ ਸਿਖਿਆ ਅਤੇ ਸਾਰਿਆਂ ਦੇ ਹਿੱਤਾਂ ਨੂੰ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਕੀਤਾ ਹੈ। ਸ੍ਰੀ ਵੇਰਕਾ ਨੇ ਕਿਹਾ ਕਿ ਸਾਨੂੰ ਸਭ ਨੂੰ ਸੰਗਠਿਤ ਹੋ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸ੍ਰੀ ਵੇਰਕਾ ਵੱਲੋਂ ਡਾ: ਬੀ:ਆਰ:ਅੰਬੇਦਕਰ ਨੂੰ ਮਹਾਂ ਪਰੀਨਿਰਵਾਣ ਦਿਵਸ ਤੇ ਸ਼ਰਧਾਂਜਲੀ ਵੀਂ ਭੇਂਟ ਕੀਤੀ। ਇਸ ਮੌਕੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਅਧਾਰਤ ਨਿਰਦੇਸ਼ਕ ਵਿਜੈ ਵਿਕਾਸ ਦੱਤ ਵੱਲੋਂ ਬਣਾਈ ਗਈ ਇਕ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ।
ਇਸ ਮੌਕੇ ਸ੍ਰੀ ਸੁਨੀਲ ਦੱਤੀ ਹਲਕਾ ਵਿਧਾਇਕ ਉਤਰੀ, ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਸ੍ਰੀ ਦਰਬਾਰੀ ਲਾਲ ਸਾਬਕਾ ਮੰਤਰੀ ਵੱਲੋਂ ਵੀ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਸ੍ਰੀ ਸੰਜੀਵ ਟਾਂਗਰੀ, ਸ੍ਰ ਬਲਜੀਤ ਸਿੰਘ ਔਜਲਾ, ਸ੍ਰੀ ਵਿਰਾਟ ਦੇਵਗਨ, ਸ੍ਰੀ ਅਸ਼ਵਨੀ ਪੱਪੂ, ਸ੍ਰੀ ਬੱਬੂ ਸਕੱਤਰ, ਸ੍ਰੀ ਬੱਬੀ ਪਹਿਲਵਾਨ, ਸਰਪੰਚ ਕਰਨ ਸਿੰਘ, ਸਰਪੰਚ ਸੁੱਖਾ, ਸ੍ਰੀ ਰਮਨ ਰੱਮੀ, ਆਈ:ਟੀ:ਆਈ ਕਾਲਜ ਦੇ ਪ੍ਰਿੰਸੀਪਲ ਸ੍ਰੀ ਜਤਿੰਦਰ ਸਿੰਘ, ਸ੍ਰ੍ਰੀ ਪਵਨ ਦਰਾਵਿਡ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੀ ਹਾਜਰ ਸਨ।