ਜਗਦੀਸ਼ ਥਿੰਦ
ਫਾਜ਼ਿਲਕਾ, 6 ਦਸੰਬਰ
ਸਹਿਕਾਰੀ ਖੰਡ ਮਿੱਲ ਦੇ 34ਵੇਂ ਪਿੜਾਈ ਸੀਜ਼ਨ 2019-20 ਦੀ ਮੁੱਖ ਮਹਿਮਾਨ ਵਜੋਂ ਪਹੰੁਚੇ ਵਿਧਾਇਕ ਫਾਜ਼ਿਲਕਾ ਸ੍ਰੀ ਦਵਿੰਦਰ ਸਿੰਘ ਘੁਬਾਇਆ ਨੇ ਸ਼ੁਰੂਆਤ ਕਰਵਾਈ ਅਤੇ ਮਿੱਲ ਦੇ ਸੀਜ਼ਨ 2019-20 ਨੂੰ ਚਲਾਉਣ ਦਾ ਰਸਮੀ ਉਦਘਾਟਨ ਵੀ ਕੀਤਾ। ਸੀਜ਼ਨ ਦੇ ਆਰੰਭ ਤੋਂ ਪਹਿਲਾਂ ਗੁਰੂਦੁਆਰਾ ਸਾਹਿਬ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ।
ਇਸ ਮੌਕੇ ਪਹੰੁਚੇ ਵਿਧਾਇਕ ਦਵਿੰਦਰ ਘੁਬਾਇਆ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਸੀਜ਼ਨ ਦੌਰਾਨ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਣਕ ਤੇ ਝੋਨੇ ਦੀ ਖੇਤੀ ਕਰਨ ਦੀ ਬਜਾਏ ਕਮਾਦ ਦੀ ਫਸਲ ਬੀਜਣ ਵਾਲੇ ਕਿਸਾਨ ਵਧਾਈ ਦੇ ਪਾਤਰ ਹਨ।
ਵਿਧਾਇਕ ਘੁਬਾਇਆ ਨੇ ਕਿਹਾ ਕਿ ਕਿਸਾਨਾਂ ਨੂੰ ਰਵਾਇਤੀ ਫਸਲ ਚੱਕਰ ’ਚੋਂ ਬਾਹਰ ਨਿਕਲ ਕੇ ਹੋਰਨਾਂ ਫਸਲਾਂ ਦੀ ਬਿਜਾਈ ਵੱਲ ਧਿਆਨ ਦੇਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਰਾਜ ਸਰਕਾਰ ਵੱਲੋਂ ਲੋੜੀਂਦੀ ਸਹਾਇਤਾ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਕੰਡੇ ’ਤੇ ਪਹੁੰਚੀਆਂ ਪਹਿਲੀਆਂ ਪੰਜ ਟਰਾਲੀਆਂ ਦੇ ਜਿੰਮੀਦਾਰਾਂ ਨੂੰ ਵਿਧਾਇਕ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਦਲਜੀਤ ਸਿੰਘ ਵੱਲੋਂ ਆਏ ਸਾਰੇ ਪਤਵੰਤੇ ਸੱਜਣਾਂ ਦਾ ਨਿੱਘਾ ਸੁਆਗਤ ਕਰਦੇ ਹੋਏ ਦੱਸਿਆ ਕਿ ਇਸ ਸਾਲ ਮਿੱਲ ਵੱਲੋਂ 13.0 ਲੱਖ ਕੁਇੰਟਲ ਗੰਨਾ ਪੀੜ ਕੇ 9.45 ਫ਼ੀਸਦੀ ਰਿਕਵਰੀ ਦੀ ਦਰ ਨਾਲ ਲਗਭਗ 1.23 ਲੱਖ ਕੁਇੰਟਲ ਖੰਡ ਉਤਪਾਦਨ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਵੱਲੋਂ ਗੰਨਾ ਕਾਸ਼ਤਕਾਰ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਗੰਨਾ ਮਿੱਲ ਵਿੱਚ ਮੰਗ ਪਰਚੀ ਅਨੁਸਾਰ ਸਾਫ-ਸੁਥਰਾ, ਅੱਗ ਅਤੇ ਖੋਰੀ ਤੋਂ ਰਹਿਤ ਲੈ ਕੇ ਆਉਣ ਤਾਂ ਜੋ ਮਿੱਲ ਦੇ ਮਿੱਥੇ ਗਏ ਟੀਚੇ ਪ੍ਰਾਪਤ ਕੀਤੇ ਜਾ ਸਕਣ। ਮਿੱਲ ਦੇ ਚੇਅਰਮੈਨ ਸ੍ਰੀ ਰਮਨਪ੍ਰੀਤ ਸਿੰਘ ਵੱਲੋਂ ਆਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸ੍ਰੀ ਰਾਜਾ ਰਾਮ, ਵਾਈਸ ਚੇਅਰਮੈਨ, ਸ੍ਰੀ ਸ਼ਮਸ਼ੇਰ ਸਿੰਘ, ਡਾਇਰੈਕਟਰ, ਸ੍ਰੀ ਜਗਦੇਵ ਸਿੰਘ, ਡਾਇਰੈਕਟਰ, ਸ੍ਰੀ ਸੁੱਖਵਿੰਦਰ ਸਿੰਘ, ਡਾਇਰੈਕਟਰ, ਸ੍ਰੀ ਸੁਰਿੰਦਰ ਕੁਮਾਰ, ਡਾਇਰੈਕਟਰ, ਸ੍ਰੀ ਕਰਮਜੀਤ ਸਿੰਘ, ਡਾਇਰੈਕਟਰ, ਮਿੱਲ ਦੇ ਜਨਰਲ ਮੈਨੇਜਰ, ਸ੍ਰੀ ਦਲਜੀਤ ਸਿੰਘ, ਸਮੂਹ ਵਿਭਾਗਾਂ ਦੇ ਮੁਖੀ ਅਤੇ ਮਿੱਲ ਕਰਮਚਾਰੀਆਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਅਤੇ ਗੰਨਾ ਕਾਸ਼ਤਕਾਰ ਵੀ ਹਾਜ਼ਰ ਹੋਏ।