ਤਿੰਨ ਮਾਮਲੇ, ਇਕ ਹੀ ਅਫਸਰ, ਇਕ ਹੀ ਤਰੀਕਾ ਤੇ ਇਕ ਹੀ ਜਵਾਬ
ਹੈਦਰਾਬਾਦ, 7 ਦਸੰਬਰ, 2019 : ਇੰਜੀਨੀਅਰਿੰਗ ਕਾਲਜਾਂ ਦੀਆਂ ਵਿਦਿਆਰਥਣਾ 'ਤੇ ਤੇਜ਼ਾਬ ਸੁੱਟਣ ਦੇ ਤਿੰਨ ਦੋਸ਼ੀਆਂ ਦੀ ਪੁਲਿਸ ਮੁਕਾਬਲੇ ਵਿਚ ਮੌਤ ਤੋਂ ਲੈ ਕੇ, ਸਾਬਕਾ ਨਕਸਲਵਾਦੀ ਦੀ ਹੱਤਿਆ ਅਤੇ ਫਿਰ ਵੈਟਨਰੀ ਡਾਕਟਰ ਨਾਲ ਬਲਾਤਕਾਰ ਤੇ ਕਤਲ ਦੇ ਚਾਰ ਦੋਸ਼ੀਆਂ ਦੀ ਪੁਲਿਸ ਮੁਕਾਬਲੇ ਵਿਚ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਇਕ ਹੀ ਤਰੀਕਾ ਵਰਤਿਆ, ਮੁਕਾਬਲਿਆਂ ਮਗਰੋਂ ਇਕ ਹੀ ਜਵਾਬ ਦਿੱਤਾ ਕਿ ਦੋਸ਼ੀਆਂ ਨੇ ਪੁਲਿਸ ਟੀਮਾਂ 'ਤੇ ਹਮਲਾ ਕੀਤਾ ਸੀ ਅਤੇ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਤਿੰਨੋਂ ਮਾਮਲਿਆਂ ਵਿਚ ਇਕ ਹੀ ਪੁਲਿਸ ਅਫਸਰ ਅਗਵਾਈ ਕਰ ਰਿਹਾ ਸੀ , ਸੀ ਵੀ ਸੱਜਨਾਰ।
ਦਾ ਇੰਡੀਅਨ ਐਕਸਪ੍ਰੈਸ ਵਿਚ ਛਪੀ ਇਸ ਦਿਲਚਸਪੀ ਰਿਪੋਰਟ ਦੇ ਮੁਤਾਬਕ ਦਸੰਬਰ 2008 ਵਿਚ 1996 ਬੈਚ ਦੇ ਆਈ ਪੀ ਐਸ ਅਫਸਰ ਸੱਜਨਾਰ ਉਸ ਵੇਲੇ ਵਾਰੰਗਲ ਦਾ ਸੁਪਰਡੈਂਟ ਪੁਲਿਸ (ਐਸ ਪੀ) ਸੀ ਜਦੋਂ ਮੋਟਰ ਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਦੋ ਇੰਜੀਨੀਅਰਿੰਗ ਵਿਦਿਆਰਥਣਾ 'ਤੇ ਤੇਜ਼ਾਬ ਸੁੱਟ ਦਿੱਤਾ ਜਦੋਂ ਉਹ ਘਰ ਜਾ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿਚ ਖੂਬ ਤੂਫਾਨ ਖੜ•ਾ ਹੋਇਆ ਤੇ ਲੋਕ ਸੜਕਾਂ 'ਤੇ ਉਤਰ ਆਏ। ਇਕ ਦਿਨ ਮਗਰੋਂ ਦੋਸ਼ੀ ਗ੍ਰਿਫਤਾਰ ਕੀਤੇ ਗਏ ਤੇ ਪੁਲਿਸ ਨਾਲ ਮੁਕਾਬਲੇ ਵਿਚ ਰਾਤ ਵੇਲੇ ਮਾਰੇ ਗਏ। ਪੁਲਿਸ ਦਾ ਕਹਿਣਾ ਸੀ ਕਿ ਉਹ ਰਾਤ ਨੂੰ ਦੋਸ਼ੀਆਂ ਨੂੰ ਜੰਗਲ ਵਿਚ ਲੁਕੋਇਆ ਤੇਜਾਬ ਤੇ ਹਮਲੇ 'ਚ ਵਰਤਿਆ ਮੋਟਰ ਸਾਈਕਲ ਬਰਾਮਦ ਕਰਨ ਵਾਸਤੇ ਲੈ ਕੇ ਜਾ ਰਹੀ ਸੀ । ਸੱਜਨਾਰ ਨੇ ਮੁਕਾਬਲੇ ਤੋਂ ਬਾਅਦ ਦੱਸਿਆ ਕਿ ਤਿੰਨ ਦੋਸ਼ੀਆਂ ਵਿਚੋਂ ਇਕ ਨੇ ਦੇਸੀ ਪਿਸਤੋਲ ਨਾਲ ਪੁਲਿਸ ਵਾਲਿਆਂ 'ਤੇ ਗੋਲੀ ਚਲਾ ਦਿੱਤੀ ਅਤੇ ਤੇਜ਼ਾਬ ਵੀ ਸੁੱਟਿਆ ਗਿਆ ਜਿਸ ਕਾਰਨ ਆਤਮ ਰੱਖਿਆ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ। ਦੋਸ਼ੀਆਂ ਦੇ ਹਥਕੜੀਆਂ ਨਾਲ ਲੱਗੀਆਂ ਸਨ ਤੇ ਇਹ ਦੱਸਿਆ ਨਹੀਂ ਗਿਆ ਕਿ ਉਹਨਾਂ ਕੋਲ ਹਥਿਆਰ ਕਿਥੋਂ ਆਏ।
ਅਗਸਤ 2016 ਸੱਜਨਾਰ ਦੀ ਅਗਵਾਈ ਹੇਠਲੀ ਟੀਮ ਨੇ ਨਕਸਲਵਾਦੀਆਂ ਦੇ ਖਿਲਾਫ ਇਕ ਮੁਹਿਮ ਦੌਰਾਨ ਸਾਕਾ ਨਕਸਲਵਾਦੀ ਮੁਹੰਮਦ ਨਈਮਉਦੀਨ ਨੂੰ ਮਾਰ ਮੁਕਾਇਆ। ਹੈਦਰਾਬਾਦ ਦੇ ਬਾਹਰਵਾਰ ਹੋਏ ਮੁਕਾਬਲੇ ਮਗਰੋਂ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਪੁਲਿਸ ਵਾਲਿਆਂ 'ਤੇ ਹਮਲਾ ਕੀਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਇਸ ਮੁਹਿੰਮ ਦੀ ਅਗਵਾਈ ਆਈ ਬੀ ਮੁਖੀ ਸ਼ਿਵਧਾਰ ਰੈਡੀ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਨਈਮਉਦੀਨ ਨੇ ਆਪਣੀ ਜੀਪ ਵਿਚੋਂ ਏ ਕੇ 47 ਨਾਲ ਪੁਲਿਸ ਵਾਲਿਆਂ 'ਤੇ ਗੋਲੀ ਚਲਾਈ। ਸਾਈਬਰਾਬਾਦ ਵਿਚ ਤਾਇਨਾਤ ਹੋਣ ਤੋਂ ਪਹਿਲਾਂ ਸੱਜਨਾਰ ਆਈ ਜੀ ਸਪੈਸ਼ਨ ਇੰਟੈਲੀਜੈਂਸ ਸੀ। ਉਸਨੂੰ ਕਈ ਨਕਸਲਵਾਦੀਆਂ ਨੂੰ ਫੜਨ ਤੇ ਮਾਰਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਸ਼ੁੱਕਰਵਾਰ ਨੂੰ ਸੱਜਨਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਵੈਟਨਰੀ ਡਾਕਟਰ ਨਾਲ ਬਲਾਤਕਾਰ ਤੇ ਕਤਲ ਦੇ ਦੋਸ਼ੀਆਂ ਨੂੰ ਉਸਦੇ ਮੋਬਾਈਲ ਫੋਨ, ਘੜੀ ਤੇ ਪਾਵਰ ਬੈਂਕ ਦੀ ਬਰਾਮਦੀ ਵਾਸਤੇ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਤੇ ਹਥਿਆਰ ਖੋਹ ਲਏ ਜਿਸਦੇ ਜਵਾਬ ਵਿਚ ਪੁਲਿਸ ਨੂੰ ਗੋਲੀ ਚਲਾਉਣੀ ਪਈ ਤੇ ਚਾਰੋਂ ਦੋਸ਼ੀ ਮਾਰੇ ਗਏ।