← ਪਿਛੇ ਪਰਤੋ
ਲੋਕੇਸ਼ ਰਿਸ਼ੀ ਗੁਰਦਾਸਪੁਰ , 07 ਦਸੰਬਰ 2019- ਬੀਤੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ 1984 ਦੰਗਿਆਂ ਸਬੰਧੀ ਦਿੱਤੇ ਗਏ ਬਿਆਨ ਮਗਰੋਂ ਸਿਆਸਤ ਪੂਰੀ ਤਰਾਂ ਭਖ ਚੁੱਕੀ ਹੈ ਅਤੇ ਇਸ ਬਿਆਨ ਨੂੰ ਲੈ ਕੇ ਕੇਂਦਰ ਤੇ ਕਾਬਜ਼ ਭਾਜਪਾ ਵੱਲੋਂ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਜਾ ਰਿਹਾ ਹੈ। ਵੱਡੇ ਕਾਂਗਰਸੀ ਆਗੂ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ ਲੈ ਕੇ ਭਾਜਪਾ ਦੇ ਸਹਿਯੋਗੀ ਦਲ ਵੀ ਸਖ਼ਤ ਰੁਖ਼ ਅਪਣਾ ਰਹੇ ਹਨ। ਉੱਥੇ ਹੀ 84 ਕਤਲੇਆਮ ਸਿੱਖਾਂ ਨਾਲ ਸਬੰਧਿਤ ਹੋਣ ਕਾਰਨ ਇਸ ਦਾ ਅਸਰ ਪੰਜਾਬ ਦੀ ਰਾਜਨੀਤੀ ਤੇ ਹੋਣਾ ਵੀ ਸੁਭਾਵਿਕ ਸੀ। ਇਸ ਲਈ ਕਾਂਗਰਸੀ ਨੁਮਾਇੰਦੇ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਭਾਜਪਾ ਦੀ ਸਭ ਤੋਂ ਪੁਰਾਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਕੋਈ ਮੌਕਾ ਹੱਥੋ ਨਹੀਂ ਗਵਾਉਣਾ ਚਾਹੁੰਦੀ। ਬਹਰਹਾਲ ਸਾਬਕਾ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਰਨ ਉਪਰੰਤ ਦਿੱਤਾ ਗਿਆ ਭਾਰਤ ਰਤਨ ਐਵਾਰਡ ਵਾਪਸ ਲਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਉਕਤ ਮਾਮਲੇ ਦੇ ਸਬੰਧ 'ਚ ਗੱਲ ਕਰਦਿਆਂ ਅਕਾਲੀ ਦਲ ਦੇ ਤੇਜ਼-ਤਰਾਰ ਆਗੂ ਮੰਨੇ ਜਾਂਦੇ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਭਾਵੇਂ ਦੇਰ ਆਏ ਪਰ ਦਰੁਸਤ ਆਏ ਹਨ। ਕਿਉਂ ਕੀ ਉਨ੍ਹਾਂ ਨੇ ਸਿੱਖ ਦੰਗਿਆਂ ਸਬੰਧੀ ਰਾਜੀਵ ਗਾਂਧੀ ਦੇ ਰੋਲ ਨੂੰ ਸਪਸ਼ਟ ਕੀਤਾ ਹੈ। ਕਿ ਕਿਸ ਤਰਾਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਿੱਖਾਂ ਦੇ ਮੁੱਖ ਸਥਾਨ ਤੇ ਹਮਲਾ ਕਰਵਾਇਆ ਗਿਆ ਅਤੇ ਇੱਥੇ ਹੀ ਬੱਸ ਨਹੀਂ ਬਾਦ ਵਿੱਚ ਉਨ੍ਹਾਂ ਦੇ ਬੇਟੇ ਅਤੇ ਰਾਜੀਵ ਗਾਂਧੀ ਵੱਲੋਂ ਹਜ਼ਾਰਾਂ ਸਿੱਖਾਂ ਦੇ ਕਤਲਾਂ ਦਾ ਮਜ਼ਾਕ ਉਡਾਉਂਦਿਆਂ ਵੱਡਾ ਰੁੱਖ ਡਿੱਗਣ ਨਾਲ ਧਰਤੀ ਹਿੱਲਣ ਵਾਲਾ ਬਿਆਨ ਦੇ ਕੇ ਆਪਣੀ ਮਾਨਸਿਕਤਾ ਅਤੇ ਇਰਾਦਾ ਸਾਫ਼ ਕਰ ਦਿੱਤਾ ਗਿਆ। ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਸ਼ੁਰੂ ਤੋਂ ਹੀ ਸਿੱਖਾਂ ਦੇ ਵਿਰੋਧੀ ਰਹੇ ਹਨ ਅਤੇ ਇਹਨਾਂ ਨੇ ਸ਼ੁਰੂ ਤੋਂ ਹੀ ਦੇਸ਼ ਨੂੰ ਤੋੜਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਭਾਰਤ ਰਤਨ ਦੇਣਾ ਵਾਜਬ ਨਹੀਂ ਹੈ। ਇਸ ਕਾਰਨ ਭਾਰਤ ਸਰਕਾਰ ਨੂੰ ਇਕੱਲੇ ਰਾਜੀਵ ਗਾਂਧੀ ਕੋਲੋਂ ਹੀ ਨਹੀਂ ਬਲਕਿ ਇੰਦਰਾ ਗਾਂਧੀ ਨੂੰ ਵੀ ਦਿੱਤੇ ਗਏ ਸਾਰੇ ਅਵਾਰਡ ਵਾਪਸ ਲੈ ਲੈਣੇ ਚਾਹੀਦੇ ਹਨ। ਇਸ ਦੇ ਨਾਲ ਹੀ ਦੇਸ਼ ਅੰਦਰ ਗਾਂਧੀ ਪਰਿਵਾਰ ਦੇ ਨਾਮ ਤੇ ਜਿੰਨੇ ਵੀ ਸਕੂਲ/ ਕਾਲਜ, ਯੂਨੀਵਰਸਿਟੀਆਂ ਜਾਂ ਹਸਪਤਾਲ ਹਨ ਉਨ੍ਹਾਂ ਦੇ ਨਾਮ ਵੀ ਬਦਲ ਦੇਣੇ ਚਾਹੀਦੇ ਹਨ।
Total Responses : 267