ਇੰਦਰਜੀਤ ਸਿੰਘ
ਫਾਜ਼ਿਲਕਾ, 8 ਦਸੰਬਰ 2019 - ਪੰਜਾਬ ਭਰ ਵਿੱਚ ਵਧਦੇ ਨਸ਼ਿਆਂ ਦੇ ਰੁਝਾਨ ਨੂੰ ਪੁਲਿਸ ਲੰਬੇ ਸਮੇਂ ਤੋਂ ਇਸ 'ਤੇ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਪੁਲਿਸ ਨੂੰ ਨਸ਼ਿਆਂ ਦੀ ਰੋਕਥਾਮ ਵਿੱਚ ਜ਼ਿਆਦਾ ਸਫਲਤਾ ਨਹੀਂ ਮਿਲ ਪਾ ਰਹੀ। ਆਏ ਦਿਨ ਲੋਕ ਨਸ਼ੇ ਦੇ ਸੇਵਨ ਨਾਲ ਮਰ ਰਹੇ ਹਨ। ਜਿਸਦੇ ਕਾਰਨ ਅੱਜ ਫਾਜ਼ਿਲਕਾ ਪੁਲਿਸ ਨੇ ਇੱਕ ਪੈਲੇਸ ਵਿੱਚ ਫਾਜ਼ਿਲਕਾ ਦੀਆ 69 ਪੰਚਾਇਤਾਂ ਦੇ ਪੰਚਾਂ ਅਤੇ ਸਰਪੰਚਾਂ ਨੂੰ ਬੁਲਵਾਕੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਅਤੇ ਸਾਰਿਆਂ ਨੂੰ ਨਸ਼ਾ ਨਾ ਕਰਨ ਅਤੇ ਨਾ ਕਰਨ ਦੇਣ ਦੀ ਸਹੁੰ ਵੀ ਚੁਕਵਾਈ ਗਈ।
ਇਸ ਸੈਮੀਨਾਰ ਵਿੱਚ ਸ਼ਾਮਿਲ ਹੋਏ ਸਰਪੰਚਾਂ ਨੇ ਜਿੱਥੇ ਪੰਜਾਬ ਪੁਲਿਸ ਵਲੋਂ ਚੁੱਕੇ ਇਸ ਕਦਮ ਨੂੰ ਚੰਗਾ ਦੱਸਿਆ ਉੱਥੇ ਹੀ ਉਨ੍ਹਾਂ ਨੇ ਸਾਰੇ ਸਰਪੰਚਾਂ ਮੈਂਬਰਾਂ ਪੁਲਿਸ ਅਧਿਕਾਰੀਆਂ ਅਤੇ ਨੇਤਾਵਾਂ ਦੇ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹੈ ਕਿ ਅਸੀ ਉਦੋਂ ਕਿਸੇ ਨੂੰ ਨਸ਼ਾ ਛੱਡਣ ਲਈ ਕਹਿ ਸਕਦੇ ਹਾਂ ਜਦੋਂ ਉਹ ਖੁਦ ਆਪ ਨਸ਼ਿਆਂ ਤੋਂ ਰਹਿਤ ਹੋਣਗੇ।
ਉੱਥੇ ਹੀ ਇਸ ਸੈਮੀਨਾਰ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਫਾਜ਼ਿਲਕਾ ਦੇ ਐੱਸ.ਪੀ ਹੈੱਡ ਕੁਆਟਰ ਜਸਵੀਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਵਿੱਚ ਅਸੀ ਫਾਜ਼ਿਲਕਾ ਦੀਆਂ ਸਾਰੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਅੱਜ ਸੈਮੀਨਾਰ ਕਰ ਰਹੇ ਹਾਂ। ਜਿਸ ਵਿੱਚ ਸਾਰਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੇ ਪ੍ਰਤੀ ਜਾਗਰੁਕ ਕਰਵਾਇਆ ਜਾ ਰਿਹਾ ਹੈ ਅਤੇ ਸਾਰੇ ਆਏ ਹੋਏ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਾ ਆਪ ਨਸ਼ਾ ਕਰਨਗੇ ਅਤੇ ਨਾ ਹੀ ਦੂਸਰਿਆਂ ਨੂੰ ਨਸ਼ਾ ਕਰਨ ਦੇਣਗੇ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਦੇ ਪ੍ਰਤੀ ਜਾਗਰੂਕ ਕਰਨਗੇ।