ਜਗਦੀਸ਼ ਥਿੰਦ
ਫ਼ਾਜ਼ਿਲਕਾ, 9 ਦਸੰਬਰ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਪੋਸ਼ਨ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਬਣਾਏ ਗਏ ਜ਼ਿਲ੍ਹਾ ਰਿਸੋਰਸ ਗਰੁੱਪ ਨੂੰ 11 ਦਸੰਬਰ ਤੱਕ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਫ਼ਾਜ਼ਿਲਕਾ ਵਿਖੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਖੂਈਆਂ ਸਰਵਰ ਸ਼੍ਰੀਮਤੀ ਸੰਜੂ ਵੱਲੋਂ ਬਤੌਰ ਮਾਸਟਰ ਟਰੇਨਰ ਜ਼ਿਲ੍ਹੇ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਅਤੇ ਜ਼ਿਲ੍ਹੇ ਦੀਆਂ ਸਮੂਹ ਸੁਪਰਵਾਈਜ਼ਰਾਂ ਨੂੰ ਦਿੱਤੀ ਜਾਵੇਗੀ। ਇਸ ਸਿਖਲਾਈ ਵਿੱਚ ਸਿਹਤ ਵਿਭਾਗ ਵੱਲੋਂ ਵੀ ਆਪਣਾ ਸਹਿਯੋਗ ਕੀਤਾ ਜਾ ਰਿਹਾ ਹੈ।
ਸਿਖਲਾਈ ਦੌਰਾਨ ਮਾਸਟਰ ਟਰੇਨਰ ਸੰਜੂ ਨੇ ਦੱਸਿਆ ਕਿ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਪਿੰਡ ਪੱਧਰ ਤੇ ਸਰਕਲ ਸੁਪਰਵਾਈਜ਼ਰ, ਏ.ਐਨ.ਐਮ, ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰ ਵੱਲੋਂ ਪਿੰਡ ਦੀਆਂ ਗਰਭਵਤੀ ਔਰਤਾਂ, ਕਿਸ਼ੋਰੀਆਂ ਅਤੇ ਪਿੰਡ ਪੱਧਰ ਤੇ ਬਣਾਏ ਗਏ ਸੈਲਫ ਹੈਲਪ ਗਰੁੱਪ ਨਾਲ ਮਹੀਨਾਵਾਰ ਮੀਟਿੰਗਾਂ ਕਰਕੇ ਗਰਭਵਤੀ ਔਰਤਾਂ ਨੂੰ ਗਰਭਅਵਸਥਾ ਦੌਰਾਨ ਹੋਣ ਵਾਲੇ ਸੰਭਾਵਿਤ ਖ਼ਤਰੀਆਂ ਤੋਂ ਬਚਾਉਂਣ ਲਈ ਜਾਣੂੰ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ, ਕਿਸ਼ੋਰੀਆਂ ਅਤੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਂਣ ਲਈ ਸੰਤੁਲਿਤ ਭੋਜਨ ਨੂੰ ਯਕੀਨੀ ਬਣਾੳਣਾਂ ਅਤੇ ਇਨ੍ਹਾਂ ਦੇ ਖ਼ਾਣੇ ਵਿੱਚ ਹਰੀਆਂ ਪੱਤੇਦਾਰ ਸਬਜੀਆਂ, ਦਾਲਾਂ ਨੂੰ ਸ਼ਾਮਲ ਕਰਨ ਸਬੰਧੀ ਜਾਣੂ ਕਰਵਾਇਆ ਗਿਆ।
ਮਾਸਟਰ ਟਰੇਨਰ ਵੱਲੋਂ ਸੁਪਰਵਾਈਜ਼ਰਾਂ ਨੂੰ ਦੱਸਿਆ ਗਿਆ ਕਿ ਘਰ ਵਿਜ਼ਿਟ ਦੌਰਾਨ ਸਰਵੈ ਰਜਿਸਟਰ ਅਤੇ ਹੋਮ ਵਿਜਿਟ ਨੂੰ ਕਿਸ ਤਰ੍ਹਾਂ ਨਾਲ ਆਂਗਣਵਾੜੀ ਸੈਟਰਾਂ ਵਿੱਚ ਮੁਕੰਮਲ ਕਰਕੇ ਰੱਖਿਆ ਜਾਵੇ। ਇਸ ਸਿਖਲਾਈ ਦਾ ਮੁੱਖ ਉਦੇਸ਼ ਹੈ ਕਿ 0 ਤੋਂ 6 ਸਾਲ ਦੇ ਬੱਚੇ ਜੋ ਬੋਨੇਪਣ ਦਾ ਸ਼ਿਕਾਰ ਹਨ ਉਨ੍ਹਾਂ ਦੀ ਵੱਧ ਰਹੀ ਪ੍ਰਤੀਸ਼ਤਾ ਨੂੰ ਘੱਟ ਕਰਨਾ। ਇਸ ਦੇ ਨਾਲ ਹੀ ਮਿਸ਼ਨ ਦੀ ਸਫਲਤਾ ਲਈ ਸੇਵਾਂਵਾਂ ਨੂੰ ਹੋਰ ਵੀ ਤਰੀਕਿਆਂ ਨਾਲ ਲਾਗੂ ਕੀਤਾ ਜਾ ਸਕਦਾ ਜਿਵੇ ਕਿ ਛੋਟੇ ਬੱਚਿਆਂ ਦੀ ਖੁਰਾਕ ਦੀਆਂ ਪ੍ਰਵਿਰਤੀਆਂ ਵਿੱਚ ਤਬਦੀਲੀ, ਮਾਂ ਦੇ ਦੁੱਧ ਅਤੇ ਉਪਰੀ ਖੁਰਾਕ ਨੂੰ ਸਹੀ ਸਮੇਂ ਤੇ ਲਾਜ਼ਮੀ ਤੋਰ ਤੇ ਲਾਗੂ ਕੀਤਾ ਜਾਵੇ, ਬੱਚਿਆਂ ਦੀ ਖੁਰਾਕ ਚਾਲੂ ਕਰਨ ਸਮੇਂ ਪੋਸ਼ਟਿਕ ਗੁਣਵੱਤਾ ਵਾਲੇ ਤੱਤਾਂ ਨੂੰ ਸ਼ਾਮਿਲ ਕੀਤਾ ਜਾਵੇ ਅਤੇ ਕੁਪੋਸ਼ਣ ਪੀੜਤ ਬੱਚਿਆਂ ਦੀ ਸਮੇਂ ਸਿਰ ਪਹਿਚਾਣ ਕੀਤੀ ਜਾਵੇ ਅਤੇ ਉਹਨਾਂ ਦੀ ਦੇਖਭਾਲ ਦਾ ਕੰਮ ਯਕੀਨੀ ਬਣਾਇਆ ਜਾਵੇ।