ਰਾਜਪੁਰਾ, 10 ਦਸੰਬਰ 2019- ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਨਾ ਦੇਣ ਤੇ ਸਮੂਹ ਮੁਲਾਜ਼ਮ ਵਰਗ ਚ ਅਨਿਸ਼ਚਿਤਤਾ ਅਤੇ ਰੋਸ ਦੀ ਲਹਿਰ ਫੈਲੀ ਹੋਈ ਹੈ। ਅੱਜ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਰਾਜਪੁਰਾ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਮੁਲਾਜ਼ਮਾਂ ਨੇ ਤਨਖਾਹ ਜਾਰੀ ਨਾ ਹੋਣ ਤੇ ਹੜਤਾਲ ਕੀਤੀ।
ਧਰਨੇ ਤੇ ਬੈਠੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਸਰਕਾਰ ਦੀ ਤਨਖਾਹਾਂ ਬਾਬਤ ਟਾਲਮਟੋਲ ਦੀ ਨੀਤੀ ਦੀ ਕਰੜੇ ਸ਼ਬਦਾਂ ਚ ਨਿਖੇਧੀ ਕੀਤੀ ਹੈ।ਉਹਨਾਂ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਕੇ ਉਹਨਾਂ ਦੇ ਬੱਚਿਆਂ ਦੀ ਰੋਟੀ ਅਤੇ ਪੜਾਈ ਖੋਹਣ ਦੀ ਨੀਤੀ ਅਪਣਾਈ ਹੋਈ ਹੈ।ਮੁਲਾਜ਼ਮਾਂ ਦੇ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ, ਘਰ ਬਣਾਉਣ ਲਈ ਲਏ ਕਰਜੇ ਦੀਆਂ ਕਿਸ਼ਤਾਂ ਲਟਕ ਗਈਆਂ ਹਨ।ਮੁਲਾਜ਼ਮ ਮਹਿੰਗਾਈ ਦੇ ਨਾਲ ਨਾਲ ਤਨਖਾਹ ਦੀ ਅਣਹੋਂਦ ਚ ਮੰਦਹਾਲੀ ਦੀ ਗੰਭੀਰ ਸਥਿਤੀ ਚੋਂ ਗੁਜਰ ਰਹੇ ਹਨ ਕਿਉਂਕਿ ਮੁਲਾਜ਼ਮਾਂ ਦੀ ਤਨਖਾਹ ਹੀ ਇਨਕਮ ਦਾ ਸਾਧਨ ਹੈ।
ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਤਨਖਾਹ ਰਿਲੀਜ਼ ਨਾ ਕੀਤੀ ਤਾਂ ਮੁਲਾਜ਼ਮ ਲੰਬੇ ਸਮੇਂ ਦੇ ਸੰਘਰਸ਼ ਲਈ ਮਜਬੂਰ ਹੋਣਗੇ, ਜਿਸਦੀ ਜੁੰਮੇਵਾਰੀ ਸਰਕਾਰ ਦੀ ਹੋਵੇਗੀ।ਮੁਲਾਜ਼ਮਾਂ ਵੱਲੋਂ ਐਸ ਡੀ ਐਮ ਸਾਹਿਬ ਰਾਜਪੁਰਾ ਨੂੰ ਮੰਗ ਦਿੱਤਾ ਗਿਆ।
ਧਰਨੇ ਨੂੰ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਰਾਮ ਸਿੰਘ ਨਕਸ਼ਾ ਨਵੀਸ਼ ਡਰਾਫਟਸਮੈਨ ਯੂਨੀਅਨ,ਸਤਨਾਮ ਸਿੰਘ ਏਈ ,ਹਰਬੰਸ ਸਿੰਘ ਜੇਈ, ,ਜਗਤਾਰ ਸਿੰਘ ਜੇਈ,ਭਜਨ ਸਿੰਘ ਪ੍ਰਧਾਨ ਯੂਨਾਈਟਿਡ ਟੈਕਨੀਕਲ ਇੰਪਲਾਈਜ਼ ਯੂਨੀਅਨ ਪੰਜਾਬ,ਪ੍ਰਧਾਨ ਸੁਰਿੰਦਰ ਸਿੰਘ ਅੰਟਾਲ,ਪ੍ਰਧਾਨ ਮੁਖਤਿਆਰ ਸਿੰਘ ਨੇ ਵੀ ਸੰਬੋਧਨ ਕੀਤਾ।