ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 10 ਦਸੰਬਰ-: ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਕੈਸ਼ ਲੈਸ ਇਲਾਜ ਦੇਣ ਲਈ 20 ਅਗਸਤ 2019 ਤੋਂ ਆਰੰਭੀ ਆਯੂਸ਼ ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਲੋੜਵੰਦ ਲੋਕਾਂ ਦੇ ਇਲਾਜ 'ਚ ਸਹਾਇਕ ਬਣ ਰਹੀ ਹੈ।। ਜ਼ਿਲ੍ਹੇ 'ਚ ਸਕੀਮ ਦੇ ਲਾਗੂ ਹੋਣ ਤੋਂ ਹੁਣ ਤੱਕ 3021 ਤੋਂ ਵਧੇਰੇ ਮਰੀਜ਼ਾਂ ਨੇ ਸਰਕਾਰੀ ਹਸਪਤਾਲਾਂ ਅਤੇ 3399 ਤੋਂ ਵਧੇਰੇ ਮਰੀਜ਼ਾਂ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾਇਆ ਹੈ। ਇਸ ਸਕੀਮ ਤਹਿਤ ਸਮਾਜਿਕ ਤੇ ਆਰਥਿਕ ਸਰਵੇਖਣ 2011 ਤਹਿਤ ਕਵਰ ਹੁੰਦੇ ਪਰਿਵਾਰ, ਜੇ ਫਾਰਮ ਹਾਸਲ ਕਰਨ ਵਾਲੇ ਕਿਸਾਨ, ਨੀਲੇ ਕਾਰਡ ਧਾਰਕ ਪਰਿਵਾਰ, ਪੰਜਾਬ ਇਮਾਰਤੀ ਤੇ ਹੋਰ ਉਸਾਰੀ ਕਾਮੇ ਬੋਰਡ ਨਾਲ ਰਜਿਸਟਰਡ ਮਜ਼ਦੂਰ, ਕਰ ਰਾਹਤ ਸਕੀਮ ਤਹਿਤ ਰਜਿਸਟਰਡ ਛੋਟੇ ਵਪਾਰੀ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨਾਲ ਸਬੰਧਿਤ ਪੱਤਰਕਾਰ ਸ਼ਾਮਿਲ ਕੀਤੇ ਗਏ ਹਨ।।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ: ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦਿੰਦਿਆਂ ਦੱਸਿਆ ਕਿ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਇਸ ਸਕੀਮ ਤਹਿਤ ਜਿਹੜੇ 124 ਮੈਡੀਕਲ ਟਰੀਟਮੈਂਟ ਪੈਕੇਜ ਸਰਕਾਰੀ ਹਸਪਤਾਲਾਂ ਨਾਲ ਸਬੰਧਿਤ ਹਨ, ਉਨ੍ਹਾਂ ਸਬੰਧੀ ਜ਼ਿਲ੍ਹੇ ਦੇ ਕਾਰਡ ਧਾਰਕ ਲੋਕਾਂ ਨੂੰ ਜਾਗਰੂਕ ਕਰਨ ਲਈ ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੀ ਜ਼ਿੰਮੇਵਾਰੀ ਲਾਈ ਗਈ ਹੈ।। ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ 'ਚ ਜੇਕਰ ਕਿਸੇ ਵੀ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਧਾਰਕ ਨੂੰ ਇਲਾਜ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਇਸ ਸਬੰਧੀ ਸਿਹਤ ਵਿਭਾਗ ਦੇ ਟੋਲ ਫ੍ਰੀ ਨੰਬਰ 104 'ਤੇ ਸੰਪਰਕ ਕਰਨ ਤੋਂ ਇਲਾਵਾ ਉਸ ਪਿੰਡ ਨਾਲ ਸਬੰਧਿਤ ਆਸ਼ਾ ਵਰਕਰ ਜਾਂ ਆਂਗਣਵਾੜੀ ਵਰਕਰ ਪਾਸੋਂ ਵੀ ਜਾਣਕਾਰੀ ਹਾਸਲ ਕਰ ਸਕਦਾ ਹੈ।
ਸਿਵਲ ਸਰਜਨ ਡਾ ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਇਸ ਇਲਾਜ ਸਕੀਮ ਤਹਿਤ ਕੁੱਲ 1396 ਮੈਡੀਕਲ ਪੈਕੇਜ ਬਣਾਏ ਗਏ ਹਨ, ਜਿਨ੍ਹਾਂ 'ਚੋਂ 124 ਸਰਕਾਰੀ ਹਸਪਤਾਲਾਂ ਨਾਲ ਸਬੰਧਿਤ ਹਨ।। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ 'ਚ ਜਿਨ੍ਹਾਂ ਬਿਮਾਰੀਆਂ ਦਾ ਇਲਾਜ ਇਸ ਸਕੀਮ ਤਹਿਤ ਕੀਤਾ ਜਾਂਦਾ ਹੈ, ਉਨ੍ਹਾਂ 'ਚ ਔਰਤਾਂ ਦੇ ਰੋਗਾਂ ਨਾਲ ਸਬੰਧਿਤ ਸਾਰੀਆਂ ਬਿਮਾਰੀਆਂ, ਪ੍ਰਸੂਤਾ (ਡਲਿਵਰੀ), ਮਨੋ ਰੋਗਾਂ ਨਾਲ ਸਬੰਧਿਤ ਬਿਮਾਰੀਆਂ, ਜਨਰਲ ਸਰਜਰੀ ਜਿਵੇਂ ਪਿੱਤੇ ਦੀ ਪਥਰੀ, ਹਰਨੀਆਂ, ਗੋਡਿਆਂ ਦੀ ਸਰਜਰੀ, ਹੋਰ ਅਜਿਹੀ ਸਰਜਰੀ ਜਿਸ ਲਈ ਐਮਰਜੈਂਸੀ ਦਾਖ਼ਲੇ ਦੀ ਲੋੜ ਨਾ ਹੋਵੇ, ਕੰਨ ਤੇ ਨੱਕ ਨਾਲ ਸਬੰਧਿਤ ਸਰਜਰੀ, ਚਿੱਟਾ ਤੇ ਕਾਲਾ ਮੋਤੀਆ ਆਦਿ ਸ਼ਾਮਿਲ ਹਨ।। ਉਨ੍ਹਾਂ ਦੱਸਿਆ ਕਿ ਐਕਸੀਡੈਂਟ ਨਾਲ ਸਬੰਧਿਤ ਮਰੀਜ਼ ਜਾਂ ਹੋਰ ਐਮਰਜੈਂਸੀ ਨਾਲ ਸਬੰਧਿਤ ਮਰੀਜ਼ ਸਿੱਧੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਲਈ ਲਿਜਾਏ ਜਾ ਸਕਦੇ ਹਨ। ਇਨ੍ਹਾਂ 'ਚ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਿਤ ਐਮਰਜੈਂਸੀ ਵੀ ਸ਼ਾਮਿਲ ਹੈ।।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਰਕਾਰੀ ਹਸਪਤਾਲਾਂ ਨਾਲ ਸਬੰਧਿਤ ਮੈਡੀਕਲ ਟਰੀਟਮੈਂਟ ਪੈਕੇਜਾਂ ਸਬੰਧੀ ਕਾਰਡ ਧਾਰਕਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਸਬੰਧੀ ਮਾਹਿਰ ਡਾਕਟਰਾਂ ਨੂੰ 'ਹਾਇਰ' ਕਰਨ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਇਹ ਡਾਕਟਰ ਸਰਕਾਰੀ ਹਸਪਤਾਲਾਂ 'ਚ ਹੀ ਲੋਕਾਂ ਦਾ ਇਲਾਜ ਕਰਨਗੇ। ਜ਼ਿਲ੍ਹਾ ਕੋਆਰਡੀਨੇਟਰ ਅਨੁਸਾਰ ਸਕੀਮ ਨਾਲ ਜੁੜਨ ਲਈ ਲੋਕ ਉਕਤ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਪਿੰਡਾਂ 'ਚ ਚੱਲ ਰਹੇ ਗਰਾਮ ਸੁਵਿਧਾ ਸੈਂਟਰਾਂ (ਸੀ ਐੱਸ ਸੀ) ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਹੁਣ ਤੱਕ ਜ਼ਿਲ•ੇ 'ਚ 305082 ਕਾਰਡ ਜਾਰੀ ਹੋ ਚੁੱਕੇ ਹਨ।