ਢੀਂਡਸਾ ਦੇ ਤੇਵਰ ਹੋਰ ਤਿੱਖੇ - ਅਕਾਲੀ ਦਲ ਉੱਤੇ ਇੱਕ ਪਰਿਵਾਰ ਹਾਵੀ ਹੋਣ ਦਾ ਲਾਇਆ ਦੋਸ਼
ਨਵੀਂ ਦਿੱਲੀ , 11 ਦਸੰਬਰ , 2019 : ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਹਿਲੀ ਵਾਰ ਬਿਨਾਂ ਨਾ ਲਏ ਬਾਦਲ ਪਰਿਵਾਰ ਤੇ ਹਮਲਾ ਕੀਤਾ ਅਤੇ ਦੋਸ਼ ਲਾਇਆ ਕਿ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਤੱਕ ਵੀ ਇੱਕ ਪਰਿਵਾਰ ਹਾਵੀ ਹੈ . ਉਨ੍ਹਾਂ ਕਿਹਾ ਕਿ ਇਸ ਹਾਲਤ ਨੂੰ ਬਦਲਣ ਦੀ ਲੋੜ ਹੈ ਅਤੇ ਪਹਿਲਾਂ ਵਾਂਗ ਰਵਾਇਤੀ ਅਕਾਲੀ ਦਲ ਅਤੇ ਇਸ ਦੀ ਰਵਾਇਤ ਦੀ ਬਹਾਲੀ ਜ਼ਰੂਰੀ ਹੈ .
ਢੀਂਡਸਾ ਨੇ ਇਹ ਐਲਾਨ ਕੀਤਾ ਕਿ 14 ਦਸੰਬਰ ਨੂੰ ਅੰਮ੍ਰਿਤਸਰ ਵਿਚ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਮੌਕੇ ਕੀਤੀ ਜਾ ਰਹੀ ਕਾਨਫ਼ਰੰਸ ਵਿਚ ਇਹ ਵਿਚਾਰਿਆ ਜਾਵੇਗਾ ਕਿ ਅਕਾਲੀ ਦਲ ਨੂੰ ਕਿਵੇਂ ਅਸਲੀ ਸਰੂਪ ਵਿਚ ਲਿਆਂਦਾ ਜਾਵੇ ਅਤੇ ਮਜ਼ਬੂਤ ਕੀਤਾ ਜਾਵੇ .
ਦਿੱਲੀ ਵਿਚ ਨਿਊਜ਼ 18 ਦੇ ਰਿਪੋਰਟਰ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਢੀਂਡਸਾ ਨੇ ਇਹ ਸਪਸ਼ਟ ਸੰਕੇਤ ਦਿੱਤੇ ਕਿ ਉਹ ਹੁਣ ਸਰਗਰਮ ਹੋ ਕੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਖ਼ਿਲਾਫ਼ ਝੰਡਾ ਚੁੱਕਣ ਦੀ ਤਿਆਰੀ 'ਚ ਹਨ .
ਢੀਂਡਸਾ ਨੇ ਇਹ ਵੀ ਦੋਸ਼ ਲਾਇਆ ਕਿ ਟਕਸਾਲੀ ਅਕਾਲੀਆਂ ਅਤੇ ਮਨਜੀਤ ਸਿੰਘ ਜੀ ਕੇ ਵਰਗੇ ਨੇਤਾਵਾਂ ਨੇ ਖ਼ੁਦ ਪਾਰਟੀ ਨਹੀਂ ਛੱਡੀ ਸਗੋਂ ਉਨ੍ਹਾਂ ਨੂੰ ਇਸ ਲਈ ਬਾਹਰ ਕੱਢਿਆ ਗਿਆ ਕਿ ਉਨ੍ਹਾਂ ਨੇ ਪਾਰਟੀ ਦੇ ਅੰਦਰ ਕੁੱਝ ਅਹਿਮ ਮਾਮਲਿਆਂ ਤੇ ਆਵਾਜ਼ ਉਠਾਈ ਸੀ . ਜੀ ਕੇ ਨੂੰ ਅਕਾਲੀ ਦਲ ਚੋਂ ਖ਼ਾਰਜ ਕਰਨ ਦੀ ਕਾਰਵਾਈ ਤੇ ਸਖ਼ਤ ਪ੍ਰਤੀਕਰਮ ਜ਼ਾਹਿਰ ਕਰਦੇ ਹੋਏ ਢੀਂਡਸਾ ਨੇ ਕਿਹਾ ਕਿ ਬਿਨਾਂ ਕਿਸੇ ਜਾਂਚ ਅਤੇ ਕਮੇਟੀ ਦੀ ਪੜਤਾਲ ਤੋਂ ਮੁੱਠੀ ਭਰ ਲੋਕਾਂ ਦੇ ਕਹਿਣ ਤੇ ਉਨ੍ਹਾਂ ਨੂੰ ਕੱਢ ਦਿੱਤਾ ਗਿਆ .
ਉਂਜ ਢੀਂਡਸਾ ਨੇ ਇਹੀ ਦਾਅਵਾ ਕੀਤਾ ਕਿ ਉਹ ਅਕਾਲੀ ਦਲ ਵਿਚ ਹੀ ਹਨ ਅਤੇ ਅਕਾਲੀ ਦਲ ਵਿਚ ਹੀ ਰਹਿਣਗੇ .
ਇਹ ਦਿਲਚਸਪ ਹੈ ਕਿ ਢੀਂਡਸਾ ਨੇ ਬੈਂਸ ਭਰਾਵਾਂ ਨੂੰ ਅਕਾਲੀ ਪਰਿਵਾਰ ਦੇ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਵੀ 14 ਦਸੰਬਰ ਦੇ ਇਕੱਠ ਵਿਚ ਸ਼ਾਮਲ ਹੋਣਗੇ .
ਆਪਣੇ ਪੁੱਤਰ ਪਰਮਿੰਦਰ ਢੀਂਡਸਾ ਵੱਲੋਂ ਪਾਰਟੀ ਛੱਡਣ ਦੀਆਂ ਸੰਭਾਵਨਾ ਦੀਆਂ ਖ਼ਬਰਾਂ ਬਾਰੇ ਜਵਾਬ ਨੂੰ ਟਾਲਦੇ ਹੋਏ ਢੀਂਡਸਾ ਨੇ ਕਿਹਾ ਪਾਰਟੀ ਤਾਂ ਮੇਰੇ ਸਮੇਤ ਕਿਸੇ ਨੇ ਵੀ ਨਹੀਂ ਛੱਡੀ .