ਸੰਗਰੂਰ, 10 ਦਸੰਬਰ 2019 : ਸੰਗਰੂਰ ਸ਼ਹਿਰ ਨੂੰ ਆਉਂਦੀਆਂ ਨੈਸ਼ਨਲ ਹਾਈਵੇ 7 ਦੀਆਂ ਸੜਕਾਂ 'ਤੇ ਸਥਿਤ ਪੁਲ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਦਾ ਹੋਕਾ ਦਿੰਦੇ ਨਜ਼ਰੀਂ ਪੈਂਦੇ ਹਨ। ਵੰਨ-ਸੁਵੰਨੇ ਰੰਗਾਂ ਦੀਆਂ ਛੋਹਾਂ ਦੇ ਕੇ ਤਿਆਰ ਕੀਤੀਆਂ ਗਈਆਂ ਇਹ ਵਡ-ਅਕਾਰੀ ਗਰੈਫ਼ਿਟੀ, ਖੇਡ ਸਿਤਾਰਾ ਮੈਰੀ ਕੋਮ, ਕ੍ਰਿਕਟਰ ਹਰਮਨਦੀਪ ਕੌਰ ਅਤੇ ਜ਼ੁਲਮ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਮਲਾਲਾ ਯੂਸਫ਼ ਸਮੇਤ ਉਨ੍ਹਾਂ ਧੀਆਂ ਦੀ ਬੁਲੰਦੀ ਨੂੰ ਦਰਸਾ ਰਹੀਆਂ ਹਨ ਜਿਨ੍ਹਾਂ ਨੇ ਆਪਣੇ ਦ੍ਰਿੜ ਇਰਾਦਿਆਂ ਦੇ ਬਲਬੂਤੇ ਪੂਰੀ ਦੁਨੀਆਂ ਵਿੱਚ ਆਪਣੀ ਵਿਲੱਖਣ ਪਛਾਣ ਸਥਾਪਤ ਕੀਤੀ ਹੈ ਅਤੇ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰ ਵਿਖਾਇਆ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਰੂਰ ਦੇ 4 ਪੁਲਾਂ 'ਤੇ ਲੜਕੀਆਂ ਦੀਆਂ ਮਾਣਾਂਮੱਤੀਆਂ ਪ੍ਰਾਪਤੀਆਂ ਨੂੰ ਦਰਸਾਉਂਦੇ ਇਹ ਗਰੈਫ਼ਿਟੀ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ ਜਿਨ੍ਹਾਂ ਵਿੱਚੋਂ ਤਿੰਨ ਪੁਲਾਂ 'ਤੇ ਇਹ ਕਲਾਕ੍ਰਿਤਾਂ ਮੁਕੰਮਲ ਹੋ ਚੁੱਕੀਆਂ ਹਨ ਜਦਕਿ ਇੱਕ ਪੁਲ 'ਤੇ ਇਹ ਕਾਰਜ ਪ੍ਰਗਤੀ ਅਧੀਨ ਹੈ। ਨੈਸ਼ਨਲ ਹਾਈਵੇ 7 'ਤੇ ਭਵਾਨੀਗੜ੍ਹ ਕੋਲ, ਫੱਗੂਵਾਲਾ ਕੋਲ, ਸੰਗਰੂਰ ਸ਼ਹਿਰ ਤੋਂ ਕਰੀਬ 7 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪੁਲ ਅਤੇ ਬਡਰੁੱਖਾਂ ਨੇੜਲਾ ਪੁਲ, 'ਬੇਟੀ ਬਚਾਓ ਬੇਟੀ ਪੜ੍ਹਾਓ' ਦੀ ਤਰਜ਼ਮਾਨੀ ਕਰ ਰਿਹਾ ਹੈ। ਇਨ੍ਹਾਂ ਪੁਲਾਂ 'ਤੇ ਬੇਟੀਆਂ ਦੁਆਰਾ ਬੁਲੰਦੀ 'ਤੇ ਪੁੱਜਣ ਦੀਆਂ ਤਸਵੀਰਾਂ ਨੂੰ ਰੂਪਮਾਨ ਕੀਤਾ ਗਿਆ ਹੈ। ਉਚੇਰੀ ਪੜ੍ਹਾਈ ਦਿਵਾ ਕੇ ਬੱਚੀਆਂ ਨੂੰ ਆਸਮਾਨ ਨੂੰ ਛੂਹਣ ਦੇ ਸਮਰੱਥ ਬਣਾਉਣ ਦੇ ਸੰਦੇਸ਼ ਦਿੱਤੇ ਗਏ ਹਨ। ਧੀਆਂ ਨੂੰ ਸਮਾਜ ਵਿੱਚ ਪੁੱਤਰਾਂ ਦੇ ਬਰਾਬਰ ਅਧਿਕਾਰ ਦੇਣ ਅਤੇ ਹਰੇਕ ਖੇਤਰ ਵਿੱਚ ਮੋਹਰੀ ਬਣਨ ਲਈ ਪ੍ਰੇਰਿਤ ਕੀਤਾ ਗਿਆ ਹੈ। ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਆਪਣੀ ਮੁਸਕੁਰਾਹਟ ਅਤੇ ਹਿੰਮਤ ਸਦਕਾ ਦੂਰ ਕਰਨ ਵਾਲੀਆਂ ਧੀਆਂ 'ਤੇ ਆਧਾਰਿਤ ਗਰੈਫ਼ਿਟੀਆਂ ਰਾਹੀਂ 'ਬੇਟੀ ਨੂੰ ਪੜ੍ਹਾਉਣ ਵਿੱਚ ਸ਼ਾਨ ਹੈ', 'ਮੈਂ ਪੜ੍ਹਨਾ ਸਿੱਖ ਰਹੀ ਹਾਂ ਤਾਂ ਕਿ ਆਪਣੀ ਕਿਸਮਤ ਖੁਦ ਲਿਖ ਸਕਾਂ', 'ਮੈਂ ਵੀ ਛੂਹ ਸਕਦੀ ਹਾਂ ਆਕਾਸ਼, ਮੌਕੇ ਦੀ ਹੈ ਮੈਨੂੰ ਤਲਾਸ਼' ਆਦਿ ਵੰਨ-ਸੁਵੰਨੇ ਹੌਂਸਲਾ ਅਫ਼ਜਾਈ ਵਾਲੇ ਨਾਅਰਿਆਂ ਰਾਹੀਂ ਆਪਣੀ ਕਹਾਣੀ ਆਪ ਬਿਆਨ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਨ੍ਹਾਂ ਗਰੈਫਿਟੀਆਂ ਦਾ ਮੁੱਖ ਮਕਸਦ ਹੋਰਨਾਂ ਲੜਕੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਬੇਟੀਆਂ ਨੂੰ ਸਨਮਾਨਯੋਗ ਸਥਾਨ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਸਭ ਦਾ ਮੁਢਲਾ ਫਰਜ਼ ਹੈ ਅਤੇ 'ਗਰੈਫ਼ਿਟੀ' ਕਲਾ ਦੇ ਰਾਹੀਂ ਹੋਰਨਾਂ ਲੜਕੀਆਂ ਨੂੰ ਵੀ ਮਿਹਨਤ, ਲਗਨ ਅਤੇ ਦਿਲਚਸਪੀ ਨਾਲ ਮੋਹਰੀ ਬਣਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਨ੍ਹਾਂ ਗਰੈਫ਼ਿਟੀਆਂ ਦੇ ਰਾਹੀਂ ਬੇਟੀਆਂ ਦੇ ਬਚਪਨ ਤੋ ਲੈ ਕੇ ਜ਼ਿੰਦਗੀ ਵਿੱਚ ਚੋਟੀ 'ਤੇ ਪੁੱਜਣ ਤੱਕ ਦੇ ਸੰਘਰਸ਼ਮਈ ਸਫ਼ਰ ਨੂੰ ਹੱਸਦੇ ਹੋਏ ਪੂਰਾ ਕਰਦਾ ਦਿਖਾਇਆ ਗਿਆ ਹੈ ਤਾਂ ਜੋ ਮਾਪੇ ਵੀ ਇਨ੍ਹਾਂ ਤਸਵੀਰਾਂ ਅਤੇ ਪ੍ਰੇਰਨਾਦਾਇਕ ਸ਼ਬਦਾਂ ਤੋਂ ਸੇਧ ਲੈ ਸਕਣ ਅਤੇ ਆਪਣੀਆਂ ਬੇਟੀਆਂ ਨੂੰ ਸਕੂਲਾਂ ਦੀ ਮੁਢਲੀ ਵਿਦਿਆ ਤੋਂ ਬਾਅਦ ਉਚੇਰੀ ਸਿੱਖਿਆ ਜ਼ਰੂਰ ਦਿਵਾਉਣ।